ਸਮਾਗਮ ਦੌਰਾਨ ਪਤਵੰਤੇ ਸਜਣਾ ਵਲੋਂ ਸੰਬੋਧਨ ਕਰਦੇ ਹੋਏ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 26 ਅਕਤੂਬਰ :ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ “ਭਗਤ ਨਾਮਦੇਵ ਜੀ: ਜੀਵਨ, ਬਾਣੀ ਅਤੇ ਵਿਚਾਰਧਾਰਾ” ਵਿਸ਼ੇ ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਭਗਤ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਵਰ੍ਹੇ ਨੂੰ ਸਮਰਪਿਤ ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਡਾ. ਪਰਿਤ ਪਾਲ ਸਿੰਘ ਨੇ ਕੀਤੀ ਤੇ ਆਖਿਆ ਕਿ ਭਗਤ ਨਾਮਦੇਵ ਜੀ ਦੀ ਬਾਣੀ ਧਰਮ, ਸਵੈਮਾਣ, ਬਰਾਬਰਤਾ ਅਤੇ ਆਜ਼ਾਦੀ ਦਾ ਆਦਰਸ਼ ਸਥਾਪਤ ਕਰਦੀ ਹੈ। ਉਨ੍ਹਾਂ ਕਿਹਾ ਕਿ ਭਗਤ ਸਾਹਿਬ ਦੀ ਬਾਣੀ ਨੂੰ ਸਮਕਾਲੀ ਪਰਿਪੇਖ ਵਿਚ ਸਮਝ ਕੇ, ਅਸੀਂ ਸਮਾਜ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਸਕਦੇ ਹਾਂ। ਵੈਬੀਨਾਰ ਦੇ ਮੁੱਖ ਵਕਤਾ ਵਜੋਂ ਸ਼ਾਮਲ ਹੋਏ ਡਾ. ਪਰਮਵੀਰ ਸਿੰਘ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਖਿਆ ਕਿ ਭਗਤ ਨਾਮਦੇਵ ਜੀ ਦੀ ਬਾਣੀ ਅੱਜ ਦੇ ਸਮਾਜ ਅੰਦਰ ਵਿਆਪਤ ਜਾਤਿ-ਪਾਤਿ, ਨਾਬਰਾਬਰੀ, ਹਿੰਸਾ ਅਤੇ ਨਾਸਤਿਕਤਾ ਆਦਿ ਤੋਂ ਬਚਾਉਂਦੀ ਹੈ। ਭਗਤ ਜੀ ਦੀ ਸ਼ਤਾਬਦੀ ਨੂੰ ਮਨਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਮਤਿ ਦੇ ਸੰਦੇਸ਼ ਨੂੰ ਸੰਸਾਰ ਤੱਕ ਪਹੰੁਚਾਉਣਾ ਸਿੱਖ ਅਕਾਦਮਿਕ ਅਦਾਰਿਆਂ ਦਾ ਮੁੱਢਲਾ ਫਰਜ਼ ਹੈ।
ਵੈਬੀਨਾਰ ਦੀ ਸ਼ੁਰੂਆਤ ਕਰਦਿਆਂ ਡੀਨ ਅਕਾਦਮਿਕ ਮਾਮਲੇ, ਡਾ. ਸੁਖਵਿੰਦਰ ਸਿੰਘ ਬਿਲੰਗ ਵੱਲੋਂ ਸਮੂਹ ਮਹਿਮਾਨਾਂ ਅਤੇ ਮੈਂਬਰਾਂ ਨੂੰ ਜੀ ਆਇਆਂ ਆਖਿਆ ਤੇ ਕਿਹਾ ਕਿ ਭਗਤ ਨਾਮਦੇਵ ਜੀ ਦੀ ਸ਼ਖ਼ਸੀਅਤ ਅਤੇ ਮਨੁੱਖਤਾ ਲਈ ਪਾਏ ਯੋਗਦਾਨ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਭਗਤ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉਪਰ ਵਿਚਾਰ ਕਰਦਿਆਂ ਉਨ੍ਹਾਂ ਦੱਸਿਆ ਕਿ ਭਗਤ ਨਾਮਦੇਵ ਜੀ ਨੇ ਸੱਤਾ ਅਤੇ ਜਾਤ ਦੇ ਅਭਿਮਾਨੀਆਂ ਦਾ ਅਹੰਕਾਰ ਤੋੜ ਕੇ ਜਨ ਮਾਨਸ ਨੂੰ ਧਰਵਾਸ ਦੇਣ ਦਾ ਕਾਰਜ ਕੀਤਾ ਹੈ। ਵੈਬੀਨਾਰ ਦੇ ਅੰਤ ਵਿੱਚ ਡਾ. ਕਿਰਨਦੀਪ ਕੌਰ, ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਸਮਾਗਮ ਵਿੱਚ ਸ਼ਮੂਲਿਅਤ ਕਰਨ ਵਾਲੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਡਾ. ਹਰਦੇਵ ਸਿੰਘ, ਸਹਾਇਕ ਪ੍ਰੋਫ਼ੈਸਰ ਦਾ ਮਾਡਰੇਟਰ ਅਤੇ ਡਾ. ਸ਼ਰੂਤੀ ਅਗਰਵਾਲ ਦਾ ਟੈਕਨੀਕਲ ਕੌਆਰਡੀਨੇਟਰ ਦੀ ਭੂਮਿਕਾ ਨਿਭਾਉਣ ਲਈ ਧੰਨਵਾਦ ਕੀਤਾ।