ਚੰਡੀਗੜ੍ਹ,26 ਅਕਤੂਬਰ,2020: ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਧਾਰਮਿਕ ਬੁਲਾਰੇ ਭਾਈ ਮੋਹਕਮ ਸਿੰਘ ਨੇ 328 ਪਾਵਨ ਸਰੂਪਾਂ ਦੇ ਸੰਬੰਧ ਵਿੱਚ ਸ਼ਾਂਤਮਈ ਰੋਸ ਧਰਨੇ ਤੇ ਬੈਠੇ ਸਤਿਕਾਰ ਕਮੇਟੀ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਸਿੰਘਾਂ ਉੱਪਰ 24 ਅਕਤੂਬਰ ਨੂੰ ਇੱਕ ਪਾਸੜ ਅੰਨ੍ਹੇਵਾਹ ਡਾਂਗਾਂ ਤੇ ਤਲਵਾਰਾਂ ਨਾਲ ਹਿੰਸਕ ਹਮਲਾ ਕਰਨ ਦੀ ਨਿੰਦਿਆ ਕੀਤੀ ਹੈ। ਭਾਈ ਮੋਹਕਮ ਸਿੰਘ ਨੇ ਕਿਹਾ ਬੀਬੀਆਂ ਦੀ ਨਾ ਸਹਿਣਯੋਗ ਬੇਪਤੀ ਕਰਨੀ ਤੇ ਫਿਰ ਪੁਲਿਸ ਵਲੋਂ ਇੱਕ ਪਾਸੜ ਕਾਰਵਾਈ ਕਰਕੇ ਇਹਨਾਂ ਸਿੰਘਾਂ ਉੱਪਰ ਹੀ ਮੁਕੱਦਮੇ ਦਰਜ ਕਰ ਦੇਣੇ ਦਿਨ ਦਿਹਾੜੇ ਬੇਇਨਸਾਫ਼ੀ ਤੇ ਧੱਕੇ ਸ਼ਾਹੀ ਹੈ । ਉਨ੍ਹਾਂ ਕਿਹਾ ਇਸ ਮਸਲੇ ਤੇ ਸਮੁੱਚਾ ਖਾਲਸਾ ਪੰਥ ਖਾਮੋਸ਼ ਨਹੀਂ ਬੈਠ ਸਕਦਾ । ਇਸ ਲਈ ਸਮੁੱਚੇ ਖਾਲਸਾ ਪੰਥ ਵਲੋਂ 28 ਅਕਤੂਬਰ ਨੂੰ ਧਰਮ ਸਿੰਘ ਮਾਰਕੀਟ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਥੱਲੇ 12 ਵਜੇ ਤੋਂ ਲ਼ੈ ਕੇ 2ਵਜੇ ਤੱਕ ਸੰਕੇਤਕ ਰੋਸ ਧਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਸ਼ੀ ਅਧਿਕਾਰੀਆਂ ਵਿਰੁੱਧ ਮੁਕੱਦਮੇ ਦਰਜ ਕਰਨ ਲਈ ਮਾਰਿਆ ਜਾਵੇਗਾ।
ਇਹ ਰੋਸ ਧਰਨਾ ਬਿਲਕੁਲ ਸ਼ਾਂਤਮਈ ਹੋਵੇਗਾ। ਉਹਨਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਐਗਜੇਕਟਿਵ 328 ਲਾਪਤਾ ਪਾਵਨ ਸਰੂਪਾਂ ਦਾ ਸੰਗਤ ਨੂੰ ਹਿਸਾਬ ਕਿਤਾਬ ਨਹੀਂ ਦੇ ਰਹੀ ਤੇ ਪੰਜਾਬ ਸਰਕਾਰ 2016 ਵਾਲੀ ਐਗਜੈਕਟਿਵ ਕਮੇਟੀ ਤੇ ਮੁਕੱਦਮੇ ਦਰਜ ਨਹੀਂ ਕਰ ਰਹੀ। ਸ਼੍ਰੋਮਣੀ ਕਮੇਟੀ ਦਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਾਰੇ ਮਸਲੇ ਨੂੰ ਗੋਲਮੋਲ ਕਰਕੇ ਦੋਸ਼ੀ ਬਾਦਲਾਂ ਤੇ ਹੋਰ ਦੋਸ਼ੀਆਂ ਦਾ ਬਚਾਅ ਕਰ ਰਿਹਾ ਹੈ । ਉਹਨਾਂ ਕਿਹਾ ਬਾਦਲਾਂ ਤੇ ਲੋਂਗੋਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਟਾਲਣ ਲਈ ਉਕਤ ਹਿੰਸਕ ਕਾਰਵਾਈ ਕੀਤੀ ਹੈ ।
ਉਹਨਾਂ ਕਿਹਾ ਪਰ ਬਾਦਲਾਂ ਨੂੰ ਇਹ ਮਹੰਤ ਨਰੈਣੂ ਵਾਲੀ ਮੁੜ ਘਟਨਾਂ ਕਰਵਾਉਣੀ ਆਪਣੀ ਸਿਆਸੀ ਮੌਤ ਨੂੰ ਖੁੱਲਾ ਸੱਦਾ ਹੈ । ਭਾਈ ਮੋਹਕਮ ਸਿੰਘ ਨੇ ਖਾਲਸਾ ਪੰਥ ਦੀਆਂ ਸਮੁੱਚੀਆਂ ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਅਤੇ ਸੰਤਾਂ ਮਹਾਪੁਰਸ਼ਾਂ ਨੂੰ ਸਭ ਸਿਆਸੀ ਵੱਖਰੇਵਿਆਂ ਤੋਂ ਉੱਪਰ ਉੱਠ ਕੇ 28 ਅਕਤੂਬਰ ਦੇ ਰੋਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ । ਅੱਜ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੀ ਸੀਨੀਅਰ ਲੀਡਰਸ਼ਿਪ ਵਲੋਂ ਸਿਵਲ ਹਸਪਤਾਲ ਅਮ੍ਰਿਤਸਰ ਵਿੱਚ ਜਾ ਕੇ ਫ਼ੱਟੜ ਆਗੂਆਂ ਤੇ ਸਿੰਘਾਂ ਦਾ ਹਾਲ ਚਾਲ ਪੁੱਛਿਆ ਤੇ ਸਾਰੀ ਤਾਜ਼ਾ ਸਥਿਤੀ ਤੋਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਨੂੰ ਜਾਣੂ ਕਰਵਾਇਆ ਗਿਆ । ਮੁਲਾਕਾਤ ਕਰਨ ਵਾਲਿਆਂ ਵਿੱਚ ਭਾਈ ਮੋਹਕਮ ਸਿੰਘ , ਮਨਜੀਤ ਸਿੰਘ ਭੋਮਾ , ਗੁਰਿੰਦਰ ਸਿੰਘ ਬਾਜਵਾ ਤੇ ਸਤਨਾਮ ਸਿੰਘ ਮਨਾਵਾਂ ਤੇ ਹੋਰ ਸਾਥੀ ਸ਼ਾਮਲ ਸਨ ।