ਹਰਜਿੰਦਰ ਸਿੰਘ ਭੱਟੀ
- ਆਵਾਰਾ ਪਸ਼ੂਆਂ ਦੀ ਸੇਵਾ-ਸੰਭਾਲ ਲਈ ਬਲੌਂਗੀ ਵਿਖੇ 10 ਏਕੜ ਚ ਬਣੇਗਾ ਬਾਲ ਗੋਪਾਲ ਗਊ ਬਸੇਰਾ
- ਬਾਲ ਗੋਪਾਲ ਗਊ ਬਸੇਰਾ ਨੂੰ ਚਲਾਉਣ ਲਈ ਬਣਾਇਆ ਟਰਸਟ
- ਗਰਾਮ ਪੰਚਾਇਤ ਬਲੌਂਗੀ ਵੱਲੋ 10 ਏਕੜ ਜ਼ਮੀਨ ਦਿੱਤੀ ਗਈ ਲੀਜ਼ ਤੇ
- ਬਾਲ ਗੋਪਾਲ ਗਊ ਬਸੇਰਾ ਦੇ ਭੂਮੀ ਪੂਜਨ ਸਮਾਗਮ ਚ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਕੀਤੀ ਸ਼ਿਰਕਤ
ਐਸ .ਏ.ਐਸ ਨਗਰ, 25 ਅਕਤੂਬਰ 2020 - ਸਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਚ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋ ਵਿਕਾਸ ਕਾਰਜ਼ਾਂ ਦੀ ਸ਼ੁਰੂ ਕੀਤੀ ਲੜੀ ਵਿੱਚ ਹੋਰ ਵਾਧਾ ਕਰਦੇ ਹੋਏ। ਸੜਕਾਂ ਤੇ ਆਵਾਰਾ ਘੁੰਮਦੇ ਪਸ਼ੂਆਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਉਨ੍ਹਾਂ ਦੀ ਸੇਵਾ ਸੰਭਾਲ ਲਈ ਪਿੰਡ ਬਲੌਂਗੀ ਵਿਖੇ 10 ਏਕੜ ਜ਼ਮੀਨ ਵਿੱਚ " ਬਾਲ ਗੋਪਾਲ ਗਊ ਬਸੇਰਾ " ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ । ਜਿਸ ਵਿੱਚ ਲੋਕ ਸਭਾ ਮੈਂਬਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਮਨੀਸ਼ ਤਿਵਾੜੀ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ, ਵਾਇਸ ਚਾਂਸਲਰ ਗਡਵਾਸੂ ਲੁਧਿਆਣਾ ਡਾ. ਇੰਦਰਜੀਤ, ਸੁਆਮੀ ਚਿੰਨਮਿਯਾਂ ਨੰਦ ਕਾਮਧੇਨੂੰ ਗਊਸ਼ਾਲਾ ਨੂਰਮਹਿਲ, ਜਲੰਧਰ, ਸੁਆਮੀ ਗੁਰਕ੍ਰਿਪਾ ਨੰਦ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰੀ ਪਤਵੰਤਿਆਂ ਮੌਜ਼ੂਦ ਸਨ । ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਬਾਲ ਗੋਪਾਲ ਗਊ ਬਸੇਰਾ ਬਹੁਤ ਹੀ ਅਧੁਨਿਕ ਤਕਨੀਕ ਨਾਲ ਤਿਆਰ ਕਰਵਾਇਆ ਜਾਵੇਗਾ ਜਿਸ ਲਈ ਮਾਹਿਰਾਂ ਦੀ ਸਲਾਹ ਲਈ ਜਾਵੇਗੀ । ਇਥੇ ਸ਼ਹਿਰ ਚ ਘੁੰਮਦੇ ਆਵਾਰਾ ਪਸ਼ੂਆਂ ਨੂੰ ਰੱਖਕੇ ਉਨ੍ਹਾਂ ਦੀ ਸੇਵਾ ਸੰਭਾਲ ਇਸ ਤਕਨੀਕ ਨਾਲ ਕੀਤੀ ਜਾਵੇਗੀ ਕਿ ਚੰਗੀ ਨਸਲ ਤੇ ਚੰਗੇ ਪਸ਼ੂ ਵੱਖਰੇ ਰੱਖੇ ਜਾਣਗੇ ਅਤੇ ਨਕਾਰਾ ਪਸ਼ੂਆਂ ਨੂੰ ਵੱਖਰਾ ਰੱਖਿਆ ਜਾਵੇਗਾ। ਇਥੇ ਮਾਹਿਰਾਂ ਦੀ ਸਲਾਹ ਨਾਲ ਚੰਗਾ ਬ੍ਰੀਡ ਤਿਆਰ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ ਚੰਗੇ ਪਸ਼ੂ ਲੋੜਵੰਦਾਂ ਨੂੰ ਦਿੱਤੇ ਜਾਣਗੇ ਅਤੇ ਇਹ ਗਊ ਬਸੇਰਾ ਆਪਣਾ ਖਰਚਾ ਵੀ ਆਪ ਕੱਢਣ ਯੋਗ ਬਣੇਗਾ । ਉਨ੍ਹਾਂ ਦੱਸਿਆ ਕਿ ਇਸ ਗਊ ਬਸੇਰਾ ਵਿੱਚ ਆਵਾਰਾ ਕੁੱਤਿਆਂ ਲਈ ਵੀ ਇਕ ਵਿਸ਼ੇਸ ਥਾਂ ਬਣਾਈ ਜਾਵੇਗੀ । ਜਿਥੇ ਆਵਾਰਾ ਕੁੱਤਿਆਂ ਨੂੰ ਰੱਖਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਬਾਲ ਗੋਪਾਲ ਗਊ ਬਸੇਰਾ ਦੇ ਤਿਆਰ ਹੋਣ ਤੋਂ ਬਾਅਦ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਨਹੀਂ ਰਹੇਗੀ। ਉਨ੍ਹਾਂ ਮੋਹਾਲੀ ਦੇ ਸਮੂਹ ਉਦੋਯਗ ਮਾਲਿਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਮੁਹਰਲੀ ਕਤਾਰ ਵਿੱਚ ਆ ਕੇ ਇਸ ਗਊ ਬਸੇਰਾ ਨੂੰ ਚਲਾਉਣ ਲਈ ਕੰਮ ਕਰਨ ਹੈ । ਪਿੰਡ ਬਲੌਂਗੀ ਦੀ ਗਰਾਮ ਪੰਚਾਇਤ ਦਾ ਧੰਨਵਾਦ ਕੀਤਾ ਜਿਨ੍ਹਾਂ ਆਵਾਰਾ ਪਸ਼ੂਆਂ ਦੀ ਸੇਵਾ ਸੰਭਾਲ ਲਈ 10 ਏਕੜ ਜ਼ਮੀਨ 33 ਸਾਲ ਲਈ ਲੀਜ਼ ਤੇ ਦਿੱਤੀ ਹੈ।
ਇਸ ਮੌਕੇ ਮੈਂਬਰ ਲੋਕ ਸਭਾ ਸ੍ਰੀ ਮਨੀਸ਼ ਤਿਵਾੜੀ ਨੇ ਮੋਹਾਲੀ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜਾ ਪਸ਼ੂ ਧਨ ਬੋਲ ਕੇ ਆਪਣੀ ਭੁੱਖ ਪਿਆਸ ਦੁੱਖ ਨਹੀਂ ਦੱਸ ਸਕਦਾ ਉਨ੍ਹਾਂ ਦੀ ਸੇਵਾ ਸੰਭਾਲ ਲਈ ਸ਼ਹਿਰ ਵਾਸੀਆਂ ਵੱਲੋਂ ਟਰਸਟ ਬਣਾਕੇ ਬਾਲ ਗੋਪਾਲ ਗਊ ਬਸੇਰਾ ਬਣਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਅਸਲ ਚ ਇਹ ਸ਼ਹਿਰ ਦੇ ਵਿਕਾਸ ਦੀ ਮੂੰਹੋ ਬੋਲਦੀ ਤਸਵੀਰ ਹੈ।ਇਹ ਪੰਜਾਬ ਚ ਅਜਿਹਾ ਆਪਣੀ ਕਿਸਮ ਦਾ ਗਊ ਬਸੇਰਾ ਬਣੇਗਾ ਕਿ ਹੋਰ ਗਊਸ਼ਾਲਾ ਚਲਾਉਣ ਵਾਲੇ ਵੀ ਇਥੋਂ ਸੇਧ ਲੈਣਗੇ ।
ਐਸ.ਐਸ.ਪੀ ਸਤਿੰਦਰ ਸਿੰਘ ਨੇ ਕਿਹਾ ਕਿ ਬਾਲ ਗੋਪਾਲ ਗਊ ਬਸੇਰਾ ਬਣਨ ਨਾਲ ਜਿਥੇ ਆਵਾਰਾ ਪਸ਼ੂਆਂ ਦੀ ਸੇਵਾ ਸੰਭਾਲ ਹੋਵੇਗੀ ਉਥੇ ਸੜਕਾਂ ਤੇ ਘੁੰਮਦੇ ਪਸ਼ੂਆਂ ਨਾਲ ਵਾਪਰਦੇ ਹਾਦਸੇ ਵੀ ਘੱਟ ਜਾਣਗੇ ।ਉਨ੍ਹਾਂ ਕਿਹਾ ਕਿ ਅਜਿਹੇ ਕਾਰਜ਼ਾਂ ਵਿੱਚ ਸਾਨੂੰ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ ਲਈ ਅਗੇ ਆਉਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ ਤੌਰ ਤੇ ਪੂਜੇ ਸੁਆਮੀ ਚਿੰਨਮਿਯਾ ਨੰਦ ਨੇ ਗਊਆਂ ਦੀ ਸੇਵਾ ਸੰਭਾਲ ਕਰਨ ਸਬੰਧੀ ਆਪਣੇ ਤਜਰਬੇ ਅਨੁਸਾਰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਵਾਇਸ ਚਾਂਸਲਰ ਡਾ. ਇੰਦਰਜੀਤ ਨੇ ਪਸ਼ੂਆਂ ਦੀ ਨਸਲ ਅਤੇ ਸੇਵਾ ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਹ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਗਾਵਾਂ ਤੋਂ ਵੱਛੀਆਂ ਅਤੇ ਮੱਝਾਂ ਤੋਂ ਕੱਟੀਆਂ ਹੀ ਪੈਦਾ ਹੋਣ ਤਾਂ ਜੋ ਆਵਾਰਾ ਪਸ਼ੂ ਦੀ ਗਿਣਤੀ ਸੀਮਤ ਹੋ ਸਕੇ।
ਇਸ ਤੋਂ ਪਹਿਲਾਂ ਬਾਲ ਗੋਪਾਲ ਗਊ ਬਸੇਰਾ ਦਾ ਰਸਮੀ ਕੰਮ ਸ਼ੁਰੂ ਕਰਨ ਲਈ ਧਾਰਮਿਕ ਰੀਤੀ ਰਿਵਾਜ ਅਨੁਸਾਰ ਹਮਨ ਕੀਤਾ ਗਿਆ ਅਤੇ ਪਾਠੀ ਸਿੰਘ ਵੱਲੋ ਅਰਦਾਸ ਕੀਤੀ ਗਈ। ਉਪਰੰਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਲੋਕ ਸਭਾ ਮੈਂਬਰ ਸ੍ਰੀ ਮੁਨੀਸ਼ ਤਿਵਾੜੀ, ਵਿਸ਼ੇਸ ਮਹਿਮਾਨ ਸੁਆਮੀ ਚਿੰਨਯਾਂਨੰਦ ਵੱਲੋਂ ਭੂਮੀ ਪੂਜਨ ਉਪਰੰਤ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸ੍ਰ. ਅਮਰਜੀਤ ਸਿੰਘ ਜੀਤੀ ਸਿੱਧੂ ਚੇਅਰਮੈਨ ਸਹਿਕਾਰੀ ਬੈਂਕ,ਐਸ.ਡੀ.ਐਮ ਸ੍ਰੀ ਜਗਦੀਪ ਸਹਿਗਲ, ਡੀ.ਡੀ.ਪੀ.ਓ ਸ੍ਰੀ ਡੀ.ਕੇ ਸਾਲਦੀ , ਸੀਨੀਅਰ ਕਾਂਗਰਸੀ ਆਗੂ ਸ੍ਰ. ਕੁਲਜੀਤ ਸਿੰਘ ਬੇਦੀ, ਐਡਵੋਕੇਟ ਕਵੰਰਬੀਰ ਸਿੰਘ ਸਿੱਧੂ, ਸ੍ਰੀ ਰਿਸਪ ਜੈਨ, ਰਾਜਾ ਕੰਵਰਜੋਤ ਸਿੰਘ ਮੁਹਾਲੀ, ਸ੍ਰੀ ਪਵਨ ਦਿਵਾਨ , ਬਹਾਦਰ ਸਿੰਘ ਸਰਪੰਚ ਪਿੰਡ ਬਲੌਂਗੀ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰੀ ਪਤਵੰਤੇ ਮੌਜੂਦ ਸਨ ।