ਮਨਿੰਦਰਜੀਤ ਸਿੱਧੂ
ਜੈਤੋ, 24 ਅਕਤੂਬਰ 2020 - ਦੁਨੀਆਂ ਦੇ ਸਭ ਤੋਂ ਵੱਡੇ ਜਮਹੂਰੀ ਮੁਲਕ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਬਿਹਾਰ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਕੀਤੇ ਜਾ ਰਹੇ ਜਨਤਕ ਇਕੱਠਾਂ ਵਿੱਚ ‘ਕਿਸਾਨਾਂ ਦੇ ਇਕੱਠਾਂ’ ਨੂੰ ‘ਵਿਚੋਲਿਆਂ ਦਾ ਇਕੱਠ’ ਕਹਿਣਾ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਦੁਆਰਾ ਕਿਸਾਨਾਂ ਪ੍ਰਤੀ ਵਰਤੇ ਅਮਪਾਨਜਨਕ ਸ਼ਬਦਾਂ ਨੇ ਸਿਰਫ ਦੇਸ਼ ਦੇ ਕਿਸਾਨਾਂ ਦਾ ਹੀ ਨਹੀਂ ਸਗੋਂ ਹਰ ਇੱਕ ਸੰਵੇਦਨਸ਼ੀਲ਼ ਵਿਅਕਤੀ ਦਾ ਹਿਰਦਾ ਵਲੂੰਧਰ ਦਿੱਤਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕੀਤਾ।
ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਖੁਦ ਅਜਿਹਾ ਗੈਰ ਜ਼ੁੰਮੇਵਾਰਾਨਾ ਜਨਤਕ ਬਿਆਨ ਦੇਣਾ ਸਪਸ਼ਟ ਕਰਦਾ ਹੈ ਕੇ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਗੱਠਜੋੜ ਤੋਂ ਕਿਸੇ ਵੀ ਤਰ੍ਹਾਂ ਦੀ ਸੁਹਿਰਦ ਸੋਚ ਅਤੇ ਇਨਸਾਫ਼ ਦੀ ਉਮੀਦ ਰੱਖਣਾ ਦੇਸ਼ ਨੂੰ ਨਾ ਉਮੀਦੀ ਵੱਲ ਧੱਕਣਾ ਸਾਬਿਤ ਹੋ ਰਿਹਾ ਹੈ।
ਵਿਧਾਇਕ ਬਲਦੇਵ ਸਿੰਘ ਨੇ ਕਿਹਾ ਕਿ ਨਿੱਜੀ ਤੌਰ ‘ਤੇ ਚਾਹੇ ਨਰੇਂਦਰ ਮੋਦੀ ਜਿੰਨੀ ਮਰਜ਼ੀ ਮਾੜੀ ਸੋਚ ਰੱਖਦੇ ਹੋਣ, ਪਰ 130 ਕਰੋੜ ਤੋਂ ਵੱਧ ਆਬਾਦੀ ਵਾਲੇ ਭਾਰਤੀ ਲੋਕ ਤਾਂਤਰਿਕ ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਅਜਿਹੀ ਸੋਚ ਤੇ ਸ਼ਬਦਾਵਲੀ ਸਿਆਸੀ ਦੀਵਾਲੀਆਪਣ ਅਤੇ ਅਕਲੋਂ ਹੀਣੇ ਹੋਣ ਨੂੰ ਦਰਸਾਉਂਦੀ ਹੈ ਅਤੇ ਦੁਨੀਆਂ ਦੇ ਬਾਕੀ ਮੁਲਕਾਂ ਨੂੰ ਭਾਰਤ ਪ੍ਰਤੀ ਗੈਰ ਸੰਜੀਦਗੀ ਦੇ ਵਿਹਾਰ ਨੂੰ ਸੱਦਾ ਦੇਣ ਵਾਲੀ ਗੱਲ ਹੈ।
ਬਲਦੇਵ ਸਿੰਘ ਨੇ ਤਲਖ ਲਹਿਜੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਸੋਚਣਾ ਪਵੇਗਾ ਕੇ ਇਹਨਾਂ ਵਿਚੋਲਿਆਂ ਨੂੰ ਹੀ ਗੱਲਬਾਤ ਲਈ ਬੁਲਾਉਣ ਲਈ ਉਹਨਾਂ ਦੀ ਸਰਕਾਰ ਤਰਲੋ ਮੱਛੀ ਹੋ ਰਹੀ ਸੀ ਤੇ ਬਾਕੀ ਸਮਾਜ ਦੇ ਬਾਕੀ ਵਰਗਾਂ ਦੇ ਅੱਖੀਂ ਘੱਟਾ ਪਾ ਰਹੀ ਰਹੀ ਸੀ। ਅਜਿਹੀ ਦੇਸ਼ ਦੀ ਸਰਵ ਉੱਚ ਲੀਡਰਸ਼ਿਪ ਕੋਲੋਂ ਇਤਨੇ ਹੇਠਲੇ ਪੱਧਰ ਤੇ ਉੱਤਰ ਕੇ ਚੰਦ ਵੋਟਾਂ ਦੀ ਭੈੜੀ ਰਾਜਨੀਤੀ ਦੇਸ਼ ਦੇ ਧੁੰਦਲੇ ਭਵਿੱਖ ਵੱਲ ਸਪਸ਼ਟ ਇਸ਼ਾਰਾ ਕਰਦੀ ਹੈ।