ਮਨਿੰਦਰਜੀਤ ਸਿੱਧੂ
- ਕਾਲਜ਼ ਅਤੇ ਨੇਬਰਹੁੱਡ ਕੈਂਪਸ ਦੇ ਸਟਾਫ ਨੇ ਡਾ. ਤੱਗੜ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਕੀਤਾ
ਜੈਤੋ, 22 ਅਕਤੂਬਰ 2020 - ਫ਼ਰੀਦਕੋਟ ਜ਼ਿਲ੍ਹੇ ਦੀ ਨਾਮੀ ਉੱਚ-ਸਿੱਖਿਆ ਸੰਸਥਾ ਯੂਨੀਵਰਸਿਟੀ ਕਾਲਜ ਜੈਤੋ ਦੇ ਸੀਨੀਅਰ ਪ੍ਰੌਫੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਧੀਵਤ ਆਦੇਸ਼ਾਂ ’ਤੇ ਕਾਲਜ ਦੇ ਪਿੰ੍ਰਸੀਪਲ ਦਾ ਚਾਰਜ ਸੰਭਾਲ ਲਿਆ ਹੈ। ਯੂਨੀਵਰਸਿਟੀ ਆਦੇਸ਼ਾਂ ਮੁਤਾਬਕ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਜੈਤੋ ਦਾ ਵਾਧੂ ਚਾਰਜ ਵੀ ਡਾ. ਤੱਗੜ ਹਵਾਲੇ ਕੀਤਾ ਗਿਆ ਹੈ।
ਇਸ ਮੌਕੇ ਸਟਾਫ਼ ਵੱਲੋਂ ਉਨਾਂ ਦੇ ਸਨਮਾਨ ਵਿਚ ਸਾਦਾ ਅਤੇ ਪ੍ਰਭਾਵਸ਼ਾਲੀ ਅਭਿਨੰਦਨ ਸਮਾਗਮ ਰਚਾਇਆ ਗਿਆ। ਸਟਾਫ਼ ਸਕੱਤਰ ਡਾ. ਸੁਭਾਸ਼ ਚੰਦਰ ਅਰੋੜਾ ਨੇ ਉਨਾਂ ਦੀ ਸ਼ਖ਼ਸੀਅਤ ਬਾਰੇ ਬੋਲਦਿਆਂ ਕਿਹਾ ਕਿ ਡਾ. ਤੱਗੜ ਅਕਾਦਮਿਕ ਹਲਕਿਆਂ ਵਿਚ ਜਾਣੀ-ਪਛਾਣੀ ਸ਼ਖ਼ਸੀਅਤ ਹਨ ਤੇ 26 ਸਾਲ ਦਾ ਅਧਿਆਪਨ ਤਜਰਬਾ ਰੱਖਦੇ ਹਨ। ਉਹ ਯੂਨੀਵਰਸਿਟੀ ਕਾਲਜ ਜੈਤੋ ਦੀ ਸਥਾਪਨਾ ਮੌਕੇ ਇਥੇ ਤਾਇਨਾਤ ਕੀਤੇ ਜਾਣ ਵਾਲੇ ਪ੍ਰਥਮ ਅਧਿਆਪਕ ਹਨ। ਸੀਨੀਅਰ ਹੋਣ ਦੇ ਨਾਤੇ ਅਤੇ ਇਲਾਕੇ ਵਿਚ ਚੰਗਾ ਰਸੂਖ਼ ਹੋਣ ਕਰਕੇ ਉਨਾਂ ਦਾ ਕਾਲਜ ਦੀ ਤਰੱਕੀ ਵਿਚ ਸਨਮਾਨਯੋਗ ਅਤੇ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਹ ਦੋਨੋਂ ਸੰਸਥਾਵਾਂ ਦੇ ਕਾਰਜਾਂ ਹਿਤ ਵੱਧ ਤੋਂ ਵੱਧ ਸਮਾਂ ਦੇਣ ਲਈ ਪੂਰੀ ਤਰ੍ਹਾਂ ਸਮਰਥ ਹਨ।
ਇਸ ਖ਼ੁਸ਼ੀ ਅਤੇ ਮਾਣ ਦੇ ਮੌਕੇ ’ਤੇ ਕਾਲਜ ਅਤੇ ਨੇਬਰਹੁੱਡ ਕੈਂਪਸ ਦੇ ਸਮੂਹ ਅਧਿਆਪਨ ਅਤੇ ਗ਼ੈਰ-ਅਧਿਆਪਨ ਸਟਾਫ਼ ਮੈਂਬਰਾਂ ਵੱਲੋਂ ਬੁਕੇ ਭੇਟ ਕਰਕੇ ਉਨਾਂ ਦਾ ਹਾਰਦਿਕ ਅਭਿਨੰਦਨ ਕੀਤਾ ਗਿਆ। ਉਨਾਂ ਦੀ ਸ਼ਖ਼ਸੀਅਤ ਬਾਰੇ ਪੋ੍ਰ. ਸ਼ਿਲਪਾ ਕਾਂਸਲ, ਡਾ. ਸਮਰਾਟ ਖੰਨਾ, ਪ੍ਰੋ. ਰਾਜੀਵ ਕਪੂਰ ਤੇ ਪ੍ਰੋ. ਅਮਨਦੀਪ ਸਿੰਘ, ਨਾਨ-ਟੀਚਿੰਗ ਅਮਲੇ ਵੱਲੋਂ ਇੰਜੀ: ਅਰਸ਼ਦੀਪ ਬਰਾੜ ਨੇ ਆਪਣੇ ਵਿਚਾਰ ਵਿਅਕਤ ਕੀਤੇ। ਡਾ. ਦਿਵਿਯਾ ਜਯੋਤੀ ਨੇ ਸਮਾਗਮ ਦਾ ਬਾਖ਼ੂਬੀ ਸੰਚਾਲਨ ਕੀਤਾ।
ਡਾ. ਤੱਗੜ ਨੇ ਇਸ ਮੌਕੇ ਕਿਹਾ ਕਿ ਉਹ ਉਕਤ ਦੋਨੋਂ ਉਚ-ਸਿਖਿਆ ਸੰਸਥਾਵਾਂ ਨੂੰ ਸਹਿਕਰਮੀਆਂ ਦੇ ਸਹਿਯੋਗ ਨਾਲ ਹੋਰ ਤਰੱਕੀ ਵੱਲ ਲਿਜਾਣ ਲਈ ਵਚਨਬੱਧ ਹਨ।
ਉਨਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ. ਐਸ. ਘੁੰਮਣ, ਡੀਨ ਅਕਾਦਮਿਕ ਡਾ. ਅੰਮਿ੍ਰਤਪਾਲ ਕੌਰ, ਡੀਨ ਰਿਸਰਚ ਡਾ. ਗੁਰਦੀਪ ਸਿੰਘ ਬਤਰਾ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਡੀਨ ਬਾਹਰਲੇ ਕੇਂਦਰ ਡਾ. ਪੁਸ਼ਪਿੰਦਰ ਸਿੰਘ ਗਿੱਲ ਪ੍ਰਤੀ ਹਾਰਦਿਕ ਧੰਨਵਾਦ ਵਿਅਕਤ ਕੀਤਾ ਜਿਨਾਂ ਨੇ ਉਨਾਂ ਦੀ ਕਾਬਲੀਅਤ ’ਤੇ ਭਰੋਸਾ ਪ੍ਰਗਟਾਉਂਦਿਆਂ ਇਹ ਜ਼ਿੰਮੇਵਾਰੀ ਸੌਂਪੀ ਹੈ।
ਉਨਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਪ੍ਰਸਿਧ ਪੱਤਰਕਾਰ ਗੁਰਮੀਤ ਸਿੰਘ, ਸਤਨਾਮ ਕੌਰ, ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਤੋਂ ਪ੍ਰੋਫ਼ੈਸਰ (ਡਾ.) ਹਰਸਿਮਰਨ ਸਿੰਘ ਰੰਧਾਵਾ ਸਾਬਕਾ ਚੇਅਰਮੈਨ ਪੰਜਾਬੀ ਵਿਭਾਗ ਤੇ ਡਾ. ਕੁਲਦੀਪ ਸਿੰਘ, ਪੰਜਾਬੀ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਤਲਵੰਡੀ ਸਾਬੋ ਤੋਂ ਡਾ. ਅਮਨਦੀਪ ਸਿੰਘ ਮੁਖੀ ਤੇ ਡਾ. ਸੰਦੀਪ ਰਾਣਾ, ਵੱਖ-ਵੱਖ ਯੂਨੀਵਰਸਿਟੀ ਕਾਲਜਾਂ ਦੇ ਪਿ੍ਰੰਸੀਪਲ ਰਾਜਵਿੰਦਰ ਸਿੰਘ ਸਰਦੂਲਗੜ, ਡਾ. ਸੰਜੀਵ ਦੱਤਾ ਬੇਨੜਾ, ਡਾ. ਜਸਪਾਲ ਸਿੰਘ ਘੱੁਦਾ, ਅਤੇ ਡਾ. ਰਾਜਿੰਦਰ ਸਿੰਘ ਮੂਨਕ ਸਮੇਤ ਡਾ. ਕਰਮਜੀਤ ਸਿੰਘ ਬਡਰੁੱਖਾਂ, ਆਸ਼ੂ ਕੁਮਾਰ ਸਿਸਟਮ ਐਨਾਲਿਸਟ (ਹਿਊਮਨ ਰਿਸੋਰਸ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਪ੍ਰੋ. ਤਰਸੇਮ ਨਰੂਲਾ, ਸਤਵਿੰਦਰਪਾਲ ਸੱਤੀ, ਕਾਲਜ ਤੇ ਨੇਬਰਹੁੱਡ ਕੈਂਪਸ ਦੇ ਸਮੂਹ ਸਟਾਫ਼ ਮੈਂਬਰ ਸ਼ਾਮਲ ਸਨ।