ਹਰੀਸ਼ ਕਾਲੜਾ
- ਪਰਾਲੀ ਨੂੰ ਅੱਗ ਨਹੀਂ ਲਾਉਂਦਾ ਸਗੋਂ ਤਵੀਆਂ ਦੀ ਵਰਤੋਂ ਨਾਲ ਨਾੜ ਨੂੰ ਖੇਤਾਂ ਵਿੱਚ ਵਾਹ ਕੇ ਮਿਲਾ ਦਿੰਦਾ ਹੈ
ਰੂਪਨਗਰ, 22 ਅਕਤੂਬਰ 2020 - ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਇਹ ਵਿਸ਼ੇਸ਼ ਮੁਹਿੰਮ ਦੇ ਅੰਤਰਗਤ ਸਬੰਧਤ ਵਿਭਾਗ ਵੱਲੋਂ ਪਿੰਡ ਪੱਧਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ । ਪਿੰਡ ਚੱਕਲਾਂ ਤਹਿਸੀਲ ਮੋਰਿੰਡਾ ਜ਼ਿਲ੍ਹਾ ਰੂਪਨਗਰ ਦੇ ਕਿਸਾਨ ਪਰਮਿੰਦਰਜੀਤ ਸਿੰਘ ਵਲੋਂ ਲੰਬੇ ਸਮੇਂ ਤੋਂ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾੜੇ ਬਿਨਾਂ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਜੋ ਕਿ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ।
ਉਸ ਨੇ ਆਪਣੀ ਖੇਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇਕ ਨੌਜਵਾਨ ਅਗਾਂਹਵਧੂ ਕਿਸਾਨ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਿਤਾ ਪੁਰਖੀ ਜਾਇਦਾਦ ਕੁੱਲ 15 ਏਕੜ ਵਾਹੀਯੋਗ ਜ਼ਮੀਨ ਵਿੱਚ ਖੇਤੀ ਕਰ ਰਿਹਾ ਹੈ । ਉਸਨੇ ਦੱਸਿਆ ਕਿ ਉਹ ਸਾਰੀ ਜਮੀਨ ਵਿੱਚ ਹੀ ਝੋਨੇ ਦੀ ਖੇਤੀ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਰਾਬਤਾ ਰੱਖ ਕੇ ਆਧੁਨਿਕ ਢੰਗਾਂ ਨਾਲ ਝੋਨੇ ਦੀ ਰਹਿੰਦ ਖੂੰਹਦ ਨੂੰ ਬਿਨ੍ਹਾਂ ਅੱਗ ਲਗਾ ਕੇ ਇਸ ਨੂੰ ਜਮੀਨ ਵਿੱਚ ਹੀ ਵਾਹ ਕੇ ਖੇਤੀ ਕਰ ਰਿਹਾ ਹੈ।
ਉਸਨੇ ਆਪਣਾ ਤਜਰਬਾ ਸਾਝਾ ਕਰਦੇ ਹੋਏ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਝੋਨੇ ਦੀ ਫਸਲ ਦੀ ਕੰਬਾਇਨ ਦੀ ਕਟਾਈ ਤੋਂ ਬਾਅਦ ਰਹਿੰਦ ਖੂੰਹਦ ਨੂੰ ਤਿੰਨ ਵਾਰ ਤਵੀਆਂ ਨਾਲ ਵਾਹ ਕੇ ਪਾਣੀ ਛੱਡ ਦਿੰਦਾ ਹੈ। ਜਦੋਂ ਜਮੀਨ ਵੱਤਰ ਆਉਂਦੀ ਹੈ ਤਾਂ ਫਿਰ ਤਵੀਆਂ ਨਾਲ ਵਾਹ ਕੇ ਰੋਟਾਵੇਟਰ ਨਾਲ ਬਿਜਾਈ ਕਰ ਦਿੰਦਾ ਹੈ। ਇਸ ਤਰ੍ਹਾਂ ਉਹ ਪਿਛਲੇ ਚਾਰ ਸਾਲ ਤੋਂ ਇਹੀ ਤਰੀਕਾ ਅਪਣਾ ਕੇ ਰਹਿੰਦ ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ। ਉਸਨੇ ਦੱਸਿਆ ਕਿ ਇਸ ਤਰ੍ਹਾਂ ਉਸ ਦਾ ਖਰਚਾ ਘੱਟ ਆਉਂਦਾ ਹੈ ਅਤੇ ਝਾੜ ਵੀ ਪੂਰਾ ਨਿਕਲਦਾ ਹੈ। ਵਾਤਾਵਰਣ ਅਤੇ ਜਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।