ਹਰਜਿੰਦਰ ਸਿੰਘ ਭੱਟੀ
- ਜ਼ਿਲ੍ਹੇ 'ਚ ਸਥਾਪਿਤ ਖਰੀਦ ਕੇਂਦਰਾਂ ਚ ਝੋਨਾ ਵੇਚਣ ਸਬੰਧੀ ਕਿਸਾਨ ਨੂੰ ਨਹੀਂ ਆਵੇਗੀ ਕੋਈ ਮੁਸ਼ਿਕਲ : ਡਿਪਟੀ ਕਮਿਸ਼ਨਰ
- ਹੁਣ ਤੱਕ ਖਰੀਦ ਕੇਂਦਰਾਂ ਚ 01 ਲੱਖ 55 ਹਜ਼ਾਰ 012 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ
- 01ਲੱਖ 54 ਹਜ਼ਾਰ 962 ਮੀਟਰਕ ਟਨ ਝੋਨੇ ਦੀ ਹੋਈ ਖਰੀਦ
- ਕਿਸਾਨਾਂ ਨੂੰ 88 ਫੀਸਦੀ ਰਕਮ ਦੀ ਕੀਤੀ ਅਦਾਇਗੀ ਅਤੇ ਮੰਡੀਆਂ ਚੋਂ 84 ਫੀਸਦੀ ਝੋਨੇ ਦੀ ਹੋਈ ਚੁਕਾਈ
ਐਸ.ਏ.ਐਸ ਨਗਰ, 22 ਅਕਤੂਬਰ 2020 - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਦੇ ਝੋਨੇ ਦੀ ਫਸਲ ਦਾ ਦਾਣਾ- ਦਾਣਾ ਖਰੀਦ ਕੀਤਾ ਜਾਵੇਗਾ । ਕਿਸਾਨਾਂ ਨੂੰ ਇਸ ਸਬੰਧੀ ਘਬਰਾਉਣ ਦੀ ਕੋਈ ਲੋੜ ਨਹੀਂ । ਝੇਨੇ ਦੀ ਨਿਰਵਿਘਨ ਖਰੀਦ ਲਈ ਜਿਲ੍ਹੇ ਵਿੱਚ 27 ਮੰਡੀ ਯਾਰਡ ਸਥਾਪਿਤ ਕੀਤੇ ਹੋਏ ਹਨ । ਕਿਸਾਨਾਂ ਨੂੰ ਝੋਨਾ ਵੇਚਣ ਲਈ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਚ ਝੇਨੇ ਦੀ ਚਲ ਰਹੀ ਖਰੀਦ ਦਾ ਜਾਇਜ਼ਾ ਲੈਣ ਉਪਰੰਤ ਕੀਤਾ । ਉਨ੍ਹਾਂ ਦੱਸਿਆ ਕਿ ਖਰੀਦ ਕੇਂਦਰਾਂ ਚ ਝੋਨੇ ਦੀ ਖਰੀਦ, ਚੁਕਾਈ ਅਤੇ ਕਿਸਾਨਾਂ ਨੂੰ ਅਦਾਇਗੀ ਦਾ ਕੰਮ ਨਿਰਵਿਘਨ ਜਾਰੀ ਹੈ। ਹੁਣ ਤੱਕ ਕਿਸਾਨਾਂ ਨੂੰ 88 ਫੀਸਦੀ ਰਕਮ ਦੀ ਅਦਾਇਗੀ ਕੀਤੀ ਗਈ ਅਤੇ ਮੰਡੀਆਂ ਚੋਂ 84 ਫੀਸਦੀ ਝੋਨੇ ਦੀ ਚੁਕਾਈ ਕਰਵਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਕੇਂਦਰਾਂ ਚ ਝੋਨੇ ਦੀ ਆਮਦ ਚ ਤੇਜ਼ੀ ਆਈ ਹੈ। ਮੰਡੀਆਂ ਚ 01 ਲੱਖ 55 ਹਜ਼ਾਰ 012 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਤੇ ਵਪਾਰੀਆਂ ਵੱਲੋਂ 01 ਲੱਖ 54 ਹਜ਼ਾਰ 962 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਖਰੀਦ ਕੀਤੇ ਝੋਨੇ ਵਿੱਚੋਂ 01 ਲੱਖ 29 ਹਜ਼ਾਰ 634 ਮੀਟਰਕ ਟਨ ਝੋਨੇ ਦੀ ਚੁਕਵਾਈ ਕਰਵਾਈ ਗਈ ਹੈ । ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਝੋਨੇ ਦੇ ਇਵਜ਼ ਵਿੱਚ ਕਿਸਾਨਾਂ ਦੀ 292 ਕਰੋੜ 22 ਲੱਖ ਰੁਪਏ ਦੀ ਅਦਾਇਗੀ ਬਣਦੀ ਹੈ ਜਿਸ ਵਿੱਚੋਂ 257 ਕਰੋੜ 96 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ।
ਏਜੰਸੀ ਵਾਰ ਝੋਨੇ ਦੀ ਕੀਤੀ ਗਈ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਹੁਣ ਤੱਕ ਪਨਗਰੇਨ ਵੱਲੋਂ 38 ਹਜ਼ਾਰ 552 ਮੀਟਰਕ ਟਨ, ਮਾਰਕਫੈੱਡ ਵੱਲੋਂ 58 ਹਜ਼ਾਰ 454 ਮੀਟਰਕ ਟਨ, ਪਨਸਪ ਵੱਲੋਂ 27 ਹਜ਼ਾਰ 174 ਮੀਟਰਕ ਟਨ ,ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 19 ਹਜ਼ਾਰ 343 ਮੀਟਰਕ ਟਨ, ਐਫ.ਸੀ.ਆਈ ਵੱਲੋਂ 11 ਹਜ਼ਾਰ 253 ਮੀਟਰਕ ਟਨ ਅਤੇ ਵਾਪਰੀਆਂ ਵੱਲੋਂ 184 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਝੋਨੇ ਦੀ ਖਰੀਦ ਸਬੰਧੀ ਹਰ ਤਰ੍ਹਾਂ ਦੇ ਕੰਮ ਨੂੰ ਸਮੇਂ ਸਿਰ ਮੁਕਮੰਲ ਰੱਖਿਆ ਜਾਵੇ ਇਸ ਵਿੱਚ ਕੋਈ ਢਿੱਲ ਬ੍ਰਦਾਸ਼ਤ ਨਹੀਂ ਹੋਵੇਗੀ । ਇਹ ਵੀ ਕਿਹਾ ਗਿਆ ਕਿ ਮੰਡੀਆਂ ਵਿੱਚ ਬਾਰਦਾਨਾ, ਸਾਧਾਨਾ ਦੀ ਆਵਾਜਾਈ ਅਤੇ ਲੇਬਰ ਆਦਿ ਦਾ ਯੋਗ ਪ੍ਰਬੰਧ ਯਕੀਨੀ ਰੱਖਿਆ ਜਾਵੇ ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਾਵੇਂ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਘੱਟ ਰਹੀ ਹੋ ਜੋ ਜ਼ਿਲ੍ਹਾ ਨਿਵਾਸੀਆਂ ਲਈ ਰਾਹਤ ਭਰੀ ਖ਼ਬਰ ਹੈ ਪਰ ਇਸ ਦੇ ਬਚਾਓ ਪ੍ਰਬੰਧਾਂ 'ਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ । ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਖਰੀਦ ਕੇਂਦਰਾਂ ਚ ਸਮਾਜਿਕ ਦੂਰੀ ਬਣਾਕੇ ਰੱਖਣਾ, ਮੂੰਹ ਤੇ ਮਾਸਕ ਲਗਾਕੇ ਰੱਖਣਾ ਅਤੇ ਸੈਨੀਟਾਈਜ਼ਰ ਦੀ ਵਰਤੋਂ ਦੇ ਨਿਯਮਾਂ ਨੂੰ ਲਾਗੂ ਰੱਖਣਾ ਯਕੀਨੀ ਬਣਾਇਆ ਜਾਵੇ । ਇਸ ਦੇ ਨਾਲ ਹੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤਾਂ ਵਿੱਚ ਹੀ ਵਾਹੁਣ ਨੂੰ ਤਰਜ਼ੀਹ ਦੇਣ ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਣ ਹੋਣ ਦੇ ਨਾਲ-ਨਾਲ ਮਨੁੱਖੀ ਸਿਹਤ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆਂ ਰਹਿੰਦਾ ਹੈ।