ਅੰਮ੍ਰਿਤਸਰ, 22 ਅਕਤੂਬਰ 2020 - ਜ਼ਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਦੀ ਵੱਡੀ ਲਾਪਰਵਾਹੀ ਕਰਕੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ 'ਚ ਪਿਛਲੇ ਲੰਮੇ ਸਮੇਂ ਤੋਂ 225 ਤੋਂ ਵੱਧ ਖਾਲੀ ਹੋ ਗਈਆਂ ਹੈੱਡਟੀਚਰ /ਸੈੰਟਰ ਹੈੱਡਟੀਚਰ ਦੀਆਂ ਪੋਸਟਾਂ ਤੇ ਪ੍ਰਮੋਸ਼ਨਾਂ ਨਾ ਕਰਨ ਦੀ ਕੀਤੀ ਜਾ ਰਹੀ ਬੱਜਰ ਗਲਤੀ ਦੇ ਰੋਸ ਵੱਜੋਂ ਈ.ਟੀ.ਯੂ.ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਅੱਜ 57 ਵੇਂ ਦਿਨ ਬਲਾਕ ਰਈਆ-1 ਤੇ 2 ਦੇ ਆਗੂਆਂ ਨੇ ਭੁੱਖ ਹੜਤਾਲ ਤੇ ਬੈਠ ਕੇ ਜ਼ਿਲ੍ਹਾ ਸਿੱਖਿਆ ਦਫਤਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਭੁੱਖ ਹੜਤਾਲ ਕੈਂਪ 'ਚ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਦਫਤਰ ਦੀ ਵੱਡੀ ਅਣਗਹਿਲੀ ਕਰਕੇ ਪਿਛਲੇ ਸਮੇਂ ਤੋਂ ਅਧੂਰੇ ਤੇ ਗਲਤ ਰਿਕਾਰਡ ਨੂੰ ਈ.ਟੀ.ਯੂ. ਦੇ ਆਗੂਆਂ ਵੱਲੋਂ ਦਫ਼ਤਰੀ ਅਮਲੇ ਨੂੰ ਸਹਿਯੋਗ ਦੇ ਕੇ ਮੁਕੰਮਲ ਕਰਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਫਰਜ਼ ਬਣਦਾ ਹੈ ਕਿ ਤੁਰੰਤ ਰਿਕਾਰਡ ਭਲਾਈ ਵਿਭਾਗ ਤੋਂ ਵੈਰੀਫ਼ਾਈ ਕਰਵਾ ਕੇ ਆਰਡਰ ਜਾਰੀ ਕਰੇ ਤਾਂ ਜੋ ਸਰਹੱਦੀ ਜ਼ਿਲ੍ਹੇ ਅੰਦਰ ਲੰਮੇ ਸਮੇਂ ਤੋਂ ਪਈਆਂ ਖ਼ਾਲੀ ਪੋਸਟਾਂ ਭਰ ਕੇ ਅਧਿਆਪਕਾਂ ਅਤੇ ਉੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਇਨਸਾਫ਼ ਦਿੱਤਾ ਜਾਵੇ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਮੋਸ਼ਨਾਂ ਦੇ ਆਰਡਰ ਹੱਥ 'ਚ ਨਾ ਆਉਣ ਤੱਕ ਈ.ਟੀ.ਯੂ. ਦਾ ਸੰਘਰਸ਼ ਜਾਰੀ ਰਹੇਗਾ ਅਤੇ ਜੇਕਰ ਇਸ ਪੱਧਰ ਤੇ ਪਹੁੰਚ ਕੇ ਵੀ ਕੋਈ ਢਿੱਲ ਰਹੀ ਤਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੰਘਰਸ਼ ਦੀ ਅਗਲੀ ਵਿਉਂਤਬੰਦੀ ਲਈ ਜਥੇਬੰਦੀ ਦੀ ਕੱਲ ਵਿਸ਼ੇਸ ਮੀਟਿੰਗ ਹੋਵੇਗੀ।