ਅਸ਼ੋਕ ਵਰਮਾ
ਚੰਡੀਗੜ੍ਹ, 21 ਅਕਤੂਬਰ 2020 - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਬਾਰੇ ਕੁਝ ਵੀ ਰਾਇ ਬਣ ਜਾਵੇ, ਕੇਂਦਰ ਸਰਕਾਰ ਖਿਲਾਫ ਘੋਲ਼ ਜਾਰੀ ਰਹੇਗਾ। ਇਹਨਾਂ ਕਾਨੂੰਨਾਂ ਦੀ ਘੋਖ ਕਰਕੇ ਨਿਚੋੜ ਕੱਢਣ ਅਤੇ ਸੰਘਰਸ਼ਸ਼ੀਲ ਕਿਸਾਨ ਸਮੂਹਾਂ ਦੀ ਜਮਹੂਰੀ ਰਾਇ ਹਾਸਲ ਕਰਨ ਲੲਂ ਕੁੱਝ ਸਮਾਂ ਲੱਗ ਸਕਦਾ ਹੈ ਪਰ ਇਸ ਦੌਰਾਨ ਕੇਂਦਰ ਸਰਕਾਰ ਖਿਲਾਫ ਘੋਲ਼ ’ਚ ਕੋਈ ਢਿੱਲ ਨਹੀਂ ਦਿੱਤੀ ਜਾਏਗੀ। ਮੁਲਕ ਭਰ ‘ਚ ਫੈਲ ਰਹੇ ਇਸ ਘੋਲ ਨੂੰ ਅੱਗੇ ਵਧਾਉਣ ਅਤੇ ਉਤਸ਼ਾਹ ਦਾ ਸੋਮਾ ਬਣੇ ਆ ਰਹੇ ਪੰਜਾਬ ਦੇ ਦਿ੍ਰੜ, ਸ਼ਾਂਤਮਈ ਅਤੇ ਲਮਕਵੇਂ ਘੋਲ ਨੂੰ ਹੋਰ ਵਿਆਪਕ ਬਣਾਉਣ ਲਈ ਹੰਭਲਾ ਮਾਰਿਆ ਜਾਵੇਗਾ। ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦੇ ਬਾਵਜੂਦ ਘੋਲ਼ ਨੂੰ ਤੇਜ ਕੀਤਾ ਜਾਵੇਗਾ। ਸ਼ਹਿਰੀ ਕੇਂਦਰਾਂ ਦੇ ਮਿਹਨਤਕਸ਼ ਲੋਕਾਂ, ਵਪਾਰੀਆਂ ਅਤੇ ਖੇਤੀ ਕਾਰੋਬਾਰੀਆਂ ਦੀ ਕਾਰਪੋਰੇਟਾਂ ਹੱਥੋਂ ਵਧ ਰਹੀ ਲੁੱਟ ਤੋਂ ਪੀੜਤ ਦੁਕਾਨਦਾਰਾਂ ਤੇ ਵਪਾਰੀ ਵਰਗ ਨੂੰ ਘੋਲ਼ ਦੀ ਹਮਾਇਤ ‘ਚ ਜਟਾਉਣ ਲਈ ਭਰਪੂਰ ਹੰਭਲਾ ਮਾਰਿਆ ਜਾਵੇਗਾ।
ਉਹਨਾਂ ਕਿਹਾ ਕਿ 25 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਅਤੇ ਬੀ ਜੇ ਪੀ ਦੀ ਤਿੱਕੜੀ ਖਿਲਾਫ ਪੰਜਾਬ ਦੇ ਲੋਕਾਂ ਦੀ ਵਿਸ਼ਾਲ ਏਕਤਾ ਅਤੇ ਨਫਰਤ ਦੇ ਪ੍ਰਗਟਾਵੇ ਦਾ ਦਿਨ ਸਾਬਤ ਹੋਵੇਗਾ। ਬਦੀ ਦੀ ਮੂਰਤ ਬਣਦੀ ਇਸ ਤਿੱਕੜੀ ਦੇ ਦਿਓਕੱਦ ਹੰਕਾਰੀ (ਬੁੱਤਾਂ) ਨੂੰ ਵਿਸ਼ਾਲ ਕਿਸਾਨ ਸਮੂਹ, ਪੇਂਡੂ ਅਤੇ ਸ਼ਹਿਰੀ ਵਰਗ ਅਤੇ ਟਰੇਡ ਯੂਨੀਅਨ ਦੇ ਕਾਰਕੁਨਾਂ ਵੱਲੋਂ ਲਾਂਬੂ ਲਾਇਆ ਜਾਵੇਗਾ। ਇਸ ਦਿਨ ਪੰਜਾਬ ਦੇ ਕਿਸਾਨਾਂ ਦੇ ਇਸ ਘੋਲ਼ ਨੂੰ ਜਾਲਮ ਅਤੇ ਲੁਟੇਰੀ ਤਿੱਕੜੀ ਵਿਰੁੱਧ ਵਿਆਪਕ ਲੋਕ ਘੋਲ਼ ਵਿਚ ਪਲਟ ਦਿੱਤਾ ਜਾਵੇਗਾ। ਇਸ ਦਿਨ ਇਸ ਘੋਲ ਨੂੰ ਛਾਲੀਂ ਅੱਗੇ ਵਧਾਉਣ ਅਤੇ ਮਹੀਨਿਆਂ ਬੱਧੀ ਲੰਬਾ ਚਲਾਉਣ ਦਾ ਤਹੱਈਆ ਕੀਤਾ ਜਾਵੇਗਾ। ਇਹ ਦਿਨ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਅਧਾਰ ਅਤੇ ਉਸਾਰ ਦੀਆਂ ਜੜਾਂ ‘ਚ ਦਾਤੀ ਫੇਰਨ ਲਈ ਤਕੜਾ ਹੰਭਲਾ ਸਾਬਤ ਹੋਵੇਗਾ। ਇਸ ਦਿਨ ਪੰਜਾਬ ਦੇ ਮਾਲਵਾ ਖਿੱਤੇ ਦੇ ਮਿਥੇ ਹੋਏ ਸ਼ਹਿਰੀ ਅਤੇ ਕਸਬਾ ਕੇਦਰਾਂ ਵਿਚ ਦੋ ਲੱਖ ਦੇ ਕਰੀਬ ਲੋਕ ਇਸ ਤਿੱਕੜੀ ਨੂੰ ਲਾਂਬੂ ਲਾਉਣ ਵਿਚ ਸ਼ਰੀਕ ਹੋਣਗੇ। ਅਗਲੇ ਸਮੇਂ ਆਉਣ ਵਾਲੇ ਘੋਲ ਸੱਦਿਆਂ ਵਿਚ ਲਗਾਤਾਰ ਸ਼ਮੂਲੀਅਤ ਕਰਨ ਵਾਲੀ ਸਹਾਈ ਟੁਕੜੀ ਬਣ ਜਾਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਸੰਘਰਸ ਨੂੰ ਜੋਸ਼-ਖਰੋਸ਼, ਜਜਬਾ, ਅਤੇ ਬਾਹੂਬਲ ਬਖਸ਼ਣ ਵਾਲੇ ਨੌਜਵਾਨਾਂ ਦੀ ਹੂੰਝਾ-ਫੇਰੂ ਸ਼ਕਤੀ ਨੂੰ ਸ਼ੰਕਾ ਦੇ ਘੇਰੇ ‘ਚ ਲਿਆਉਣ ਲਈ ਨੌਜਵਾਨਾਂ ਨੂੰ ਅਫਰਾ ਤਫਰੀ ਫੈਲਾਉਣ ਵਾਲੇ, ਸ਼ਾਂਤੀ ਭੰਗ ਕਰਨ ਵਾਲੇ ਅਤੇ ਕੌਮੀ ਸੁਰੱਖਿਆ ਨੂੰ ਗੰਭੀਰ ਹਰਜਾ ਪਹੁੰਚਾਉਣ ਦਾ ਖਤਰਾ ਪੈਦਾ ਕਰਨ ਵਾਲੇ ਦਰਸਾ ਕੇ ਪਾਕਿਸਤਾਨ ਅਤੇ ਚੀਨ ਦਾ ਦਖ਼ਲ ਬਣ ਜਾਣ ਦਾ ਹਊਆ ਖੜਾ ਕੀਤਾ ਹੈ ਜੋ ਨਿਆਂ ਸੰਗਤ ਨਹੀਂ ਹੈ। ਉਨਾਂ ਕਿਹਾ ਕਿ ਸ਼ਾਂਤ ਸਮੁੰਦਰ ਦੇ ਵੇਗ ਵਰਗਾ ਪੰਜਾਬ ਦਾ ਇਹ ਕਿਸਾਨੀ ਸੰਘਰਸ਼, ਪੰਜਾਬ ਅੰਦਰ ਫਿਰਕੂ ਅਮਨ ਅਤੇ ਭਾਈਚਾਰਕ ਸਾਂਝ ਨੂੰ ਸਿਖਰਾਂ ਤੱਕ ਉੱਚਾ ਚੱਕਣ ਅਤੇ ਪਤਾਲ ਤੱਕ ਡੂੰਘਾ ਲਿਜਾਣ ਵਾਲਾ ਇਤਿਹਾਸਿਕ ਘੋਲ਼ ਹੋ ਨਿਬੜਿਆ ਹੈ। ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਦੇ ਜਬਤ ਬੱਧ, ਚੇਤੰਨ ਅਤੇ ਤਜਰਬਾਕਾਰ ਕਾਡਰਾਂ ਦੇ ਲਸ਼ਕਰ ਇਸ ਕਿਸਾਨ ਉਭਾਰ ਦੀ ਰੀੜ ਦੀ ਹੱਡੀ ਬਣੇ ਹੋਏ ਹਨ। ਇਸ ਉਭਾਰ ਨੂੰ ਬੰਨ ਕੇ ਸੰਭਾਲਣ ਅਤੇ ਨਿਸ਼ਾਨੇ ‘ਤੇ ਚੋਟ ਲਾਉਣ ‘ਚ ਨਿਪੁੰਨ ਕਿਸਾਨੀ ਸੰਘਰਸ਼ਾਂ ਦੀ ਹੰਢੀ ਵਰਤੀ ਲੀਡਰਸ਼ਿਪ, ਪਸਾਰਵਾਦੀ ਚੀਨ ਅਤੇ ਸਾਮਰਾਜੀਆਂ ਦੀ ਭਿਆਲ ਪਾਕਿਸਤਾਨ ਸਰਕਾਰ ਦੇ ਖੋਟੇ ਮਨਸੂਬਿਆਂ ਦੀ ਬਹੁਤ ਭੇਤੀ ਹੈ ।
ਉਨ੍ਹਾਂ ਕਿਹਾ ਕਿ ਇਸ ਘੋਲ ਦੇ ਉਭਰ ਆਉਣ ਨਾਲ ਭਲਾ ਕਿਹੜਾ ਖਤਰਾ ਵਧ ਗਿਆ ਹੈ ? ਬੀ.ਜੇ.ਪੀ ਦੇ ਬਦੇਸ਼ੀ ਕੰਪਨੀਆਂ ਅਤੇ ਭਾਰਤੀ ਕਾਰਪੋਰੇਟਾਂ ਨਾਲ ਗੰਢ-ਚਿਤਰਾਵੇ ਦਾ ਵਿਆਪਕ ਤੌਰ ‘ਤੇ ਨਸ਼ਰ ਹੋ ਜਾਣ ਦਾ ਖਤਰਾ ਵਧ ਗਿਆ ਹੈ। ਕੇਂਦਰ ਸਰਕਾਰ ਖਿਲਾਫ ਕਿਸਾਨ ਘੋਲ ਨੂੰ ਹੋਰ ਤਕੜਾਈ ਦੇਣ ਵਾਸਤੇ ਕਿਸਾਨ ਆਗੂਆਂ ਨੇ ਜ਼ੋਰ ਦਿੱਤਾ ਹੈ ਕਿ ਕਿਸਾਨ ਮੁਹਾਜ ‘ਤੇ ਲਗਾਤਾਰ ਸਰਗਰਮ ਚਲੇ ਆ ਰਹੇ ਤਿੰਨ ਘੋਲ ਕੇਂਦਰਾਂ ਦਰਮਿਆਨ ਆਪਸੀ ਤਾਲਮੇਲ ਨੂੰ ਵਧਾਉਣਾ ਚਾਹੀਦਾ ਹੈ ਇਹ ਤਿੰਨ ਘੋਲ ਕੇਂਦਰ ਹਨ: ਪਹਿਲਾ) ਸਤਨਾਮ ਸਿੰਘ ਪੰਨੂ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੀ ਕਿਸਾਨ ਮਜਦੂਰ ਸੰਘਰਸ਼ ਕਮੇਟੀ, ਦੂਜਾ) ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਤੀਜਾ) ਬਲਵੀਰ ਸਿੰਘ ਰਾਜੇਵਾਲ ਅਤੇ ਡਾਕਟਰ ਦਰਸ਼ਨਪਾਲ ਦੀ ਅਗਵਾਈ ਵਾਲੀਆਂ 28-30 ਜਥੇਬੰਦੀਆਂ ਦੀ ਕਮੇਟੀ ਇਹਨਾਂ ਘੋਲ ਕੇਂਦਰਾਂ ਨੇ ਇਸ ਸਾਂਝੇ ਘੋਲ ਨੂੰ ਅੱਗੇ ਵਧਾਉਣ ਵਿਚ ਉੱਘਾ ਹਿੱਸਾ ਪਾਇਆਂ ਹੈ । ਹੁਣ ਇਹਨਾਂ ਘੋਲ ਕੇਂਦਰਾਂ ਨੂੰ ਆਪਸੀ ਤਾਲਮੇਲ ਦੇ ਪ੍ਰਬੰਧ ਨੂੰ ਹੋਰ ਨਿਯਮਤ ਕਰਨ ਵਾਸਤੇ ਅਤੇ ਹੋਰ ਸੁਚਾਰੂ ਬਣਾਉਣ ਵਾਸਤੇ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ।