ਬਾਘਾਪੁਰਾਣਾ, 19 ਅਕਤੂਬਰ,2020: ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਵਿਸ਼ਾਲ ਕਾਫ਼ਲਾ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਦੀ ਅਗਵਾਈ ਵਿੱਚ ਸਥਾਨਕ ਚੰਦ ਪੁਰਾਣਾ ਟੋਲ ਪਲਾਜ਼ਾ ਤੇ ਲੱਗੇ ਕਿਸਾਨ ਰੋਸ ਧਰਨੇ ਵਿੱਚ ਸ਼ਾਮਲ ਹੋਇਆ। ਸੈਂਕੜੇ ਅਧਿਆਪਕਾਂ ਦੇ ਕਾਫਲੇ ਵਿੱਚ ਜਲੰਧਰ,ਮੋਗਾ , ਸੰਗਰੂਰ ,ਪਠਾਨਕੋਟ , ਕਪੂਰਥਲਾ,ਗੁਰਦਾਸਪੁਰ,ਬਠਿੰਡਾ,ਫਿਰੋਜ਼ਪੁਰ,ਫਰੀਦਕੋਟ, ਮੁਕਤਸਰ ਤੇ ਲੁਧਿਆਣਾ ਜਿਲ੍ਹਿਆਂ ਦੇ ਸੈਂਕੜੇ ਅਧਿਆਪਕ ਸ਼ਾਮਲ ਹੋਏ। ਰੋਸ ਧਰਨੇ ਵਿੱਚ ਬੋਲਦਿਆਂ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੀ ਖੇਤੀ ਤੇ ਅਰਥਚਾਰੇ ਨੂੰ ਤਬਾਹ ਕਰਨ ਲਈ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨ ਕੇਵਲ ਕਿਸਾਨੀ ਨੂੰ ਨਹੀਂ ਬਲਕਿ ਸਾਰੇ ਵਰਗਾਂ ਦੀ ਜ਼ਿੰਦਗੀ ਨੂੰ ਬੁਰੇ ਰੁਖ ਪ੍ਰਭਾਵਿਤ ਕਰਨਗੇ। ਉਹਨਾਂ ਸਪੱਸ਼ਟ ਕੀਤਾ ਕਿ ਅਡਾਨੀ,ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਖਜ਼ਾਨੇ ਭਰਨ ਲਈ ਜਨਤਕ ਅਦਾਰਿਆਂ ਨੂੰ ਖਤਮ ਕਰਕੇ ਨਿੱਜੀਕਰਨ ਦਾ ਅਮਲ ਤੇਜ ਕਰ ਰਹੀ ਕੇਂਦਰ ਤੇ ਰਾਜ ਸਰਕਾਰਾਂ ਲੋਕਾਂ ਨਾਲ ਧ੍ਰੋਹ ਕਮਾ ਰਹੀਆਂ ਹਨ।ਜਿਸ ਦੇ ਖਿਲਾਫ਼ ਸੰਘਰਸ਼ ਸਭਨਾਂ ਵਰਗਾਂ ਦਾ ਸਾਂਝਾ ਹੈ।
ਇਸ ਮੌਕੇ ਬੋਲਦਿਆਂ ਸੂਬਾਈ ਆਗੂਆਂ ਜਸਵਿੰਦਰ ਸਿੰਘ ਬਠਿੰਡਾ,ਸਰਵਣ ਸਿੰਘ ਔਜਲਾ ਤੇ ਕਰਨੈਲ ਸਿੰਘ ਗੁਰਦਾਸਪੁਰ ਨੇ ਆਖਿਆ ਕਿ ਪੰਜਾਬ ਦੇ ਕਿਰਤੀ,ਕਿਸਾਨਾਂ ਨਾਲ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਹਰਗਿਜ਼ ਪ੍ਰਵਾਨ ਨਹੀਂ ਕੀਤੀ ਜਾਵੇਗੀ। ਉਹਨਾਂ ਪੰਜਾਬ ਦੀ ਕੈਪਟਨ ਸਰਕਾਰ ਤੇ ਹੋਰਨਾਂ ਸਿਆਸੀ ਪਾਰਟੀਆਂ ਦੀ ਆਲੋਚਨਾ ਕਰਦਿਆਂ ਆਖਿਆ ਕਿ ਉਹਨਾਂ ਦਾ ਕਿਸਾਨੀ ਹਿਤਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਸਗੋਂ ਉਹ ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਕਿਸਾਨ ਹਿਤੈਸ਼ੀ ਹੋਣ ਦਾ ਨਾਟਕ ਕਰ ਰਹੇ ਹਨ। ਅਧਿਆਪਕ ਆਗੂਆਂ ਨੇ ਆਖਿਆ ਕਿ ਡੀ.ਟੀ.ਐੱਫ. ਕਿਸਾਨ ਸੰਘਰਸ਼ ਦੀ ਹਮਾਇਤ ਤੇ ਨਹੀਂ ਸਗੋਂ ਸੰਘਰਸ਼ ਵਿੱਚ ਸ਼ਾਮਲ ਹੈ। ਜਥੇਬੰਦੀ ਦੇ ਆਗੂਆਂ ਵੱਲੋਂ ਕਿਸਾਨ ਸੰਘਰਸ਼ ਲਈ 10 ਲੱਖ 35 ਹਜ਼ਾਰ ਰੁਪਏ ਦਾ ਚੈੱਕ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾਈ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਤੇ ਸੁਖਦੇਵ ਸਿੰਘ ਕੋਕਰੀ ਨੂੰ ਸੌਂਪਿਆ ਗਿਆ।ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਕਮੇਟੀ ਮੈਂਬਰਾਂ ਹਰਦੇਵ ਮੁੱਲਾਂਪੁਰ, ਸੁਖਵਿੰਦਰ ਸੁੱਖੀ, ਰੇਸ਼ਮ ਸਿੰਘ ਖੇਮੂਆਣਾ, ਲਖਵੀਰ ਹਰੀਕੇ, ਰਾਜਦੀਪ ਸੰਧੂ, ਪ੍ਰਮੋਦ ਸ਼ਰਮਾ ਕਪੂਰਥਲਾ, ਗਗਨਦੀਪ ਪਾਹਵਾ, ਅਮਨਦੀਪ ਮਟਵਾਣੀ, ਦੀਦਾਰ ਸਿੰਘ ਮੁੱਦਕੀ, ਬਲਜਿੰਦਰ ਸਿੰਘ, ਹਰਭਗਵਾਨ ਗੁਰਨੇ, ਗੁਰਚਰਨ ਲਹਿਰਾ ਗਾਗਾ ,ਹਰਜੀਤ ਜੀਦਾ ,ਤੋਂ ਇਲਾਵਾ ਸਥਾਨਕ ਜਿਲ੍ਹੇ ਦੇ ਅਧਿਆਪਕ ਆਗੂ ਸੁਖਵਿੰਦਰ ਘੋਲੀਆ, ਹਰਪਿੰਦਰ ਢਿੱਲੋਂ, ਸੁਖਪਾਲਜੀਤ, ਗੁਰਮੀਤ ਝੋਰਡ਼, ਅਮਨਦੀਪ ਮਾਛੀਕੇ, ਅਮਰਦੀਪ ਬੁੱਟਰ ਤੇ ਜਗਦੇਵ ਮਹਿਣਾ ਸਮੇਤ ਵੱਡੀ ਗਿਣਤੀ ਵਿੱਚ ਮੌਜੂਦ ਸਨ।