ਕੁਲਵਿੰਦਰ ਸਿੰਘ
ਅੰਮ੍ਰਿਤਸਰ,19 ਅਕਤੂਬਰ,2020: ਅੰਮ੍ਰਿਤਸਰ ਦੇ ਨਵਾਂ ਪਿੰਡ ਦੀ ਬੱਚੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੋਨ ’ਤੇ ਗੱਲ ਕੀਤੀ ਹੈ। ਦਰਅਸਲ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਨਵਾਂ ਪਿੰਡ ਵਾਸੀ ਵਿਕਰਮਜੀਤ ਸਿੰਘ ਨੇ ਮਹਿਲਾ ਸਬ ਇੰਸਪੈਕਟਰ ਤੋਂ ਦੁਖੀ ਹੋ ਕੇ ਇਕ ਹੋਟਲ ਦੇ ਕਮਰੇ ’ਚ ਖੁਦਕੁਸ਼ੀ ਕਰ ਲਈ ਸੀ। ਪਤੀ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਪਤਨੀ ਨੇ ਵੀ ਖੁਦਕੁਸ਼ੀ ਕਰ ਲਈ ਸੀ। ਵਿਕਰਮਜੀਤ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਇਡ ਨੋਟ ਵੀ ਲਿਖਿਆ ਸੀ। ਉਸ ਨੇ ਸੁਸਾਇਡ ਨੋਟ ’ਚ ਦਾਅਵਾ ਕੀਤਾ ਸੀ ਕਿ ਸਬ ਇੰਸਪੈਕਟਰ ਸੰਦੀਪ ਕੌਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਸੰਦੀਪ ਕੌਰ ਨੇ ਬਲੈਕਮੇਲ ਕਰ ਉਸ ਕੋਲੋਂ 18 ਲੱਖ ਰੁਪਏ ਵੀ ਲਏ ਨੇ। ਹੁਣ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਮਹਿਲਾ ਸਬ ਇੰਸਪੈਕਟਰ ਨੂੰ ਸਜਾ ਦਵਾਉਣ ਦੇ ਲਈ ਦਸਵੀਂ ਜਮਾਤ ਦੀ ਬੱਚੀ ਨੇ ਮੁੱਖ ਮੰਤਰੀ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਮੁੱਖ ਮੰਤਰੀ ਨੇ ਵੀ ਫੋਨ ’ਤੇ ਬੱਚੀ ਤਨਪ੍ਰੀਤ ਕੌਰ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਿਵਾਇਆ।
ਆਈ ਜੀ ਸੁਰਿੰਦਰ ਪਰਮਾਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਕਾਇਤਕਰਤਾਵਾਂ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਭੇਜਿਆ ਗਿਆ ਕਿਉਂ ਕਿ ਵਿੱਕੀ ਨੇ ਜਿੱਥੇ ਖੁਦਕੁਸ਼ੀ ਕੀਤੀ ਸੀ ਉਹ ਖੇਤਰ ਅੰਮ੍ਰਿਤਸਰ ਕਮੀਸ਼ਨਰੇਟ ਦੇ ਅਧੀਨ ਆਉਂਦਾ। ਇਸ ਸਬੰਧ ਚ ਪੁਲਿਸ ਕਮੀਸ਼ਨਰ ਮੰਗਲਵਾਰ ਸਵੇਰ 11 ਵਜੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ।
ਆਈ ਜੀ ਪਰਮਾਰ ਨੇ ਦੱਸਿਆ ਕਿ ਮਹਿਤਾ ਥਾਣੇ ਦੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਮਾਮਲਾ ਡੀਐਸਪੀ ਜੰਡਿਆਲਾ ਗੁਰੂ ਨੂੰ ਵਿਭਾਗੀ ਜਾਂਚ ਲਈ ਭੇਜ ਦਿੱਤਾ ਗਿਆ।