ਐਕਸੀਅਨ ਵੱਲੋਂ ਦਿੱਤੇ ਗਏ ਭਰੋਸੇ ਬਾਅਦ ਕੀਤਾ ਧਰਨਾ ਸਮਾਪਤ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ 2020 - ਸੀਵਰੇਜ ਪਾਣੀ ਦੀ ਸਮੱਸਿਆ ਤੋਂ ਸਤਾਏ ਜੋਧੂ ਕਲੋਨੀ ਵਾਸੀਆਂ ਨੇ ਅੱਜ ਆਖ਼ਰਕਾਰ ਪਬਲਿਕ ਹੈਲਥ ਵਿਭਾਗ ਦੇ ਦਫ਼ਤਰ ਅੰਦਰ ਧਰਨਾ ਲਗਾਉਂਦਿਆਂ ਖੂਬ ਪ੍ਰਦਰਸ਼ਨ ਕੀਤਾ।
ਵਰਣਨਯੋਗ ਹੈ ਕਿ ਮੁਹੱਲੇ ਵਾਸੀ ਪਿਛਲੇ 10 ਮਹੀਨਿਆਂ ਤੋ ਸੀਵਰੇਜ ਓਵਰਫਲੋ ਦੇ ਕਾਰਨ ਗੰਦੇ ਪਾਣੀ ਦੀ ਸਮੱਸਿਆ ਝੇਲ ਰਹੇ ਹਨ। ਮੁਹੱਲਾ ਵਾਸੀ ਰਾਜਨ ਬਾਂਸਲ ਨੇ ਦੱਸਿਆ ਕਿ ਲਗਾਤਾਰ 3 ਦਿਨ ਤੋਂ ਪਾਣੀ ਸੜਕ ’ਤੇ ਭਰਿਆ ਪਿਆ ਹੈ ਅਤੇ ਇਸ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਨਾ ਨੂੰ ਬਿਮਾਰੀਆਂ ਲੱਗਣ ਦਾ ਡਰ ਸਤਾ ਰਿਹਾ ਹੈ। ਮੁਹੱਲੇ ਦੇ ਦੁਕਾਨਦਾਰਾਂ ਨੇ ਕਿਹਾ ਕਿ ਪਾਣੀ ਦੇ ਕਾਰਨ ਉਨਾ ਦੇ ਕਾਰੋਬਾਰ ਬਿਲਕੁਲ ਠੱਪ ਹੋ ਗਏ ਹਨ। ਉਨਾ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ਤੇ ਵੀ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਅਤੇ ਮਜਬੂਰੀ ਵਿੱਚ ਅੱਜ ਸਾਰੇ ਮੁਹੱਲੇ ਵਾਸੀਆਂ ਵੱਲੋਂ ਵਿਭਾਗ ਦੇ ਦਫਤਰ ਦਾ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।
ਇਸ ਦੌਰਾਨ ਜਦੋਂ ਮੁਹੱਲਾ ਵਾਸੀਆਂ ਨੇ ਜੇ ਈ ਰਵੀ ਨੂੰ ਫੋਨ ਲਗਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੇ ਈ ਨੇ ਫੋਨ ਬੰਦ ਕਰ ਦਿੱਤਾ। ਧਰਨਾ ਪ੍ਰਦਰਸ਼ਨ ਦੇ ਰੋਸ ਨੂੰ ਦੇਖਦੇ ਹੋਏ ਨਵਨਿਯੁਕਤ ਐਕਸੀਅਨ ਅੰਮਿ੍ਰਤ ਪਾਲ ਸਿੰਘ ਭੱਠਲ ਨੇ ਮੁਹੱਲੇ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨਾਂ ਵੱਲੋਂ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।
ਇਸ ਮੌਕੇ ਮੁਹੱਲਾ ਵਾਸੀ ਰਾਜਨ ਬਾਂਸਲ,ਅਮਨ ਮੱਕੜ, ਅੰਗਰੇਜ਼ ਸਿੰਘ,ਸੋਨੂੰ,ਡਾ ਸ਼ਰਮਾ, ਦਿਲਜੀਤ,ਬਿੱਟੂ,ਅਸ਼ੋਕ ਸਣੇ ਮੁਹੱਲਾ ਵਾਸੀ ਹਾਜ਼ਰ ਸਨ।