ਚੰਡੀਗੜ੍ਹ, 19 ਅਕਤੂਬਰ 2020 - ਸਿੱਖਿਆ ਸਕੱਤਰ ਪੰਜਾਬ ਦੁਆਰਾ ਆਨ ਲਾਈਨ ਸਿੱਖਿਆ ਨੂੰ ਸਕੂਲੀ ਸਿੱਖਿਆ ਦੇ ਬਦਲ ਵਜੋਂ ਲਾਗੂ ਕਰਨ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ 100% ਹਿੱਸੇਦਾਰੀ ਯਕੀਨੀ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਿੱਖਿਆ ਸਕੱਤਰ ਦੀ ਇਸ ਨੀਤੀ ਦਾ ਵਿਰੋਧ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਦੁਆਰਾ ਲਗਾਏ ਗਏ ਬੀ. ਐੱਮਸ/ਡੀ. ਐੱਮਸ. ਦੁਆਰਾ ਅਧਿਆਪਕਾਂ ਨਾਲ ਬੇਵਕਤੀਆਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਐਤਵਾਰ ਨੂੰ ਵੀ ਰਾਤ ਦੇ ਗਿਆਰਾਂ ਵਜੇ ਤੱਕ ਸਰਵੇਖਣ ਪੂਰੇ ਕਰਨ ਦੇ ਜੁਬਾਨੀ ਹੁਕਮਾਂ ਕਾਰਨ ਅਧਿਆਪਕਾਂ ਦੀ ਨੀਂਦ ਹਰਾਮ ਕਰ ਰੱਖੀ ਹੈ।
ਆਨ ਲਾਈਨ ਸਿੱਖਿਆ ਲਈ ਯੋਗ ਸਹੂਲਤਾਂ ਨਾ ਹੋਣ ਦੇ ਬਾਵਜੂਦ ਇਸਨੂੰ ਜ਼ਬਰੀ ਲਾਗੂ ਕਰਨ ਲਈ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ। ਆਨ ਲਾਈਨ ਸਿੱਖਿਆ ਨੂੰ ਲੋੜ ਤੋਂ ਵੱਧ ਅਹਿਮੀਅਤ ਦੇਣ ਨਾਲ ਜਿੱਥੇ ਹੇਠਲੇ ਤਬਕੇ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਿਆਂ ਕਰਨ ਦਾ ਖ਼ਤਰਾ ਹੈ, ਉੱਥੇ ਹੀ ਮੱਧ ਵਰਗ ਅਤੇ ਉੱਚ ਵਰਗ ਦੇ ਬੱਚਿਆਂ ਦੁਆਰਾ ਇਸਦੀ ਦੁਰਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ। ਜਿੱਥੇ ਇਸ ਸਾਲ ਕਰੋਨਾ ਲਾਗ ਕਾਰਣ ਰਾਸ਼ਟਰੀ ਪੱਧਰ'ਤੇ ਕੀਤਾ ਜਾਣ ਵਾਲਾ ਅਚੀਵਮੈਂਟ ਸਰਵੇਖਣ ਜਿੱਥੇ ਰੱਦ ਕਰ ਦਿੱਤਾ ਗਿਆ ਹੈ ਉੱਥੇ ਹੀ ਸਿੱਖਿਆ ਸਕੱਤਰ ਦੀ ਜ਼ਿਦ ਪੁਗਾਉਣ ਲਈ ਸਿੱਖਿਆ ਵਿਭਾਗ ਪੰਜਾਬ ਅਚੀਵਮੈਂਟ ਸਰਵੇਖਣ ਕਰਾਉਣ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਦਬਾਅ ਬਣਾ ਕੇ ਅਧਿਆਪਕਾਂ ਤੇ 100% ਤੱਕ ਵਿਦਿਆਰਥੀਆਂ ਦੀਆਂ ਦੋ ਦੋ ਦਿਨ ਦਾ ਸਮਾਂ ਦੇ ਕੇ ਆਨ ਲਾਈਨ ਪ੍ਰੀਖਿਆਵਾਂ ਕਰਵਾਈਆਂ ਗਈਆਂ ਹਨ ੳੁਸੇ ਤਰ੍ਹਾਂ ਪੰਜਾਬ ਅਚੀਵਮੈਂਟ ਸਰਵੇਖਣ ਦੀ ਭਰੋਸੇਯੋਗਤਾ ਸਵਾਲੀਆ ਨਿਸ਼ਾਨ ਹੇਠ ਰਹੇਗੀ।
ਆਗੂਆਂ ਨੇ ਕਿਹਾ ਕਿ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹਣ ਦੇ ਬਾਵਜੂਦ ਆਨ ਲਾਈਨ ਸਿੱਖਿਆ ਨੂੰ ਚਾਲੂ ਰੱਖਣਾ ਵੀ ਆਨ ਲਾਈਨ ਸਿੱਖਿਆ ਨੂੰ ਸਕੂਲੀ ਸਿੱਖਿਆ ਦੇ ਬਦਲ ਵਜੋਂ ਥੋਪਣ ਦਾ ਹੱਥਕੰਡਾ ਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਠੋਸ ਨੀਤੀ ਤਹਿਤ ਖੋਲ੍ਹਿਆ ਜਾਵੇ ਅਤੇ ਆਨ ਲਾਈਨ ਸਿੱਖਿਆ ਦੇ ਨਾਮ' ਤੇ ਸਿੱਖਿਆ ਨਾਲ ਹੋ ਰਿਹਾ ਖਿਲਵਾੜ ਬੰਦ ਕੀਤਾ ਜਾਵੇ। ਡੀ. ਟੀ. ਐੱਫ. ਦੇ ਆਗੂਆਂ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਓਮ ਪ੍ਰਕਾਸ਼ ਮਾਨਸਾ, ਰਾਜੀਵ ਕੁਮਾਰ ਬਰਨਾਲਾ, ਜਗਪਾਲ ਬੰਗੀ, ਰਘਵੀਰ ਸਿੰਘ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਦੀਪ ਟੋਡਰਪੁਰ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਸਿੰਘ ਜੋਸਨ, ਦਲਜੀਤ ਸਫੀਪੁਰ, ਪਵਨ ਕੁਮਾਰ ਮੁਕਤਸਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਪਾਲ ਗਿੱਲ, ਤੇਜਿੰਦਰ ਕਪੂਰਥਲਾ, ਸੁਖਦੇਵ ਡਾਂਸੀਵਾਲ, ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ, ਮੁਲਖਰਾਜ ਨਵਾਂ ਸ਼ਹਿਰ, ਅਤਿੰਦਰ ਘੱਗਾ, ਮੇਘ ਰਾਜ ਸੰਗਰੂਰ, ਗੁਰਪਿਆਰ ਕੋਟਲੀ, ਜੈਮਲ ਸਿੰਘ, ਜਸਵੀਰ ਅਕਾਲਗੜ੍ਹ, ਸੁਨੀਲ ਫਾਜ਼ਿਲਕਾ, ਹਰਜਿੰਦਰ ਢਿੱਲੋਂ, ਅਮਰੀਕ ਮੋਹਾਲੀ, ਹਰਿੰਦਰ ਅੱਲੂਵਾਲ, ਸੁਖਵਿੰਦਰ ਗਿਰ, ਵਿਕਰਮਜੀਤ ਮਲੇਰਕੋਟਲਾ, ਅਜੇ ਕੁਮਾਰ ਹੁਸ਼ਿਆਰਪੁਰ ਨੇ ਪੰਜਾਬ ਦੇ ਅਧਿਆਪਕਾਂ ਸਕੂਲੀ ਸਿੱਖਿਆ ਨੂੰ ਬਚਾਉਣ ਦਾ ਸੱਦਾ ਦਿੰਦੇ ਹੋਏ ਸਿੱਖਿਆ ਸਕੱਤਰ ਪੰਜਾਬ ਦੇ ਖਿਲਾਫ਼ ਨੌਂ ਨਵੰਬਰ ਨੂੰ ਮੋਹਾਲੀ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।