ਹਰੀਸ਼ ਕਾਲੜਾ
- ਅਨਾਜ ਮੰਡੀਆਂ ਵਿੱਚ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਹੋਵੇ-ਹਰਬੰਸ ਲਾਲ ਮਹਿੰਦਲੀ
ਸ੍ਰੀ ਅਨੰਦਪੁਰ ਸਾਹਿਬ 08 ਅਕਤੂਬਰ 2020 : ਪੰਜਾਬ ਸਰਕਾਰ ਵਲੋਂ ਖੇਤੀਬਾੜੀ ਦਾ ਕੰਮ ਕਰਦੇ ਹੋਏ ਹਾਦਸਾ ਗ੍ਰਸਤ ਹੋਏ ਕਿਸਾਨਾਂ/ਮਜਦੂਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਸਰਕਾਰ ਦਾ ਇਹ ਉਪਰਾਲਾ ਅਚਨਚੇਤ ਹੋਏ ਦੁਰਘਟਨਾ ਨਾਲ ਪੀੜਤ ਕਿਸਾਨਾਂ ਨੂੰ ਰਾਹਤ ਰਾਸ਼ੀ ਦੇਣ ਦਾ ਇਕ ਸ਼ਲਾਘਾਯੋਗ ਕਦਮ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਬੰਸ ਲਾਲ ਮਹਿੰਦਲੀ ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਅਨਾਜ ਮੰਡੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਹੋਏ ਹਾਦਸੇ ਨਾਲ ਪੀੜਤ ਕਿਸਾਨਾਂ/ਮਜਦੂਰਾਂ ਨੂੰ ਵਿੱਤੀ ਸਹਾਇਤਾ ਦੇ ਚੈਕ ਦੇਣ ਮੋਕੇ ਕੀਤਾ। ਉਹਨਾਂ ਕਿਹਾ ਕਿ ਖੇਤੀਬਾੜੀ ਦਾ ਕੰਮ ਕਰਦੇ ਹੋਏ ਕਈ ਵਾਰ ਸਾਡੇ ਕਿਸਾਨ ਵੀਰ ਜਾਂ ਮਜਦੂਰ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਜਿਹਨਾਂ ਨੂੰ ਸਰਕਾਰ ਵਲੋਂ ਇਹ ਸਹਾਇਤਾ ਦਿੱਤੀ ਜਾ ਰਹੀ ਹੈ। ਅੱਜ ਭਜਨ ਸਿੰਘ ਪੁੱਤਰ ਸ੍ਰੀ ਰੱਖਾ ਰਾਮ ਪਿੰਡ ਬ੍ਰਾਹਮਣ ਮਾਜਰਾ ਲਈ ਦੋ ਲੱਖ ਰੁਪਏ, ਸੁਖਦੇਵ ਸਿੰਘ ਪੁੱਤਰ ਸ੍ਰੀ ਅਮਰ ਸਿੰਘ ਪਿੰਡ ਮਹਿਦਲੀ ਕਲਾਂ ਲਈ ਦੱਸ ਹਜ਼ਾਰ ਰੁਪਏ, ਸੀ੍ਰਰਾਮ ਪੁੱਤਰ ਸ੍ਰੀ ਲਛਮਣ ਦਾਸ ਪਿੰਡ ਬਠਲੋਰ ਖੱਡ ਲਈ ਚਾਲੀ ਹਜ਼ਾਰ ਰੁਪਏ, ਦਲਜੀਤ ਸਿੰਘ ਪੁੱਤਰ ਸ੍ਰੀ ਧਰਮਪਾਲ ਪਿੰਡ ਸ਼ਮਲਾਹ ਲਈ ਦੱਸ ਹਜ਼ਾਰ ਰੁਪਏ, ਸੁਰੇਸ਼ ਕੁਮਾਰ ਪੁੱਤਰ ਸ੍ਰੀ ਹੁਸਨ ਚੰਦ ਲਈ ਤੀਹ ਹਜ਼ਾਰ ਰੁਪਏ ਅਤੇ ਮਨੋਹਰ ਲਾਲ ਪੁੱਤਰ ਸ੍ਰੀ ਸਿਵ ਕੁਮਾਰ ਲਈ ਦੱਸ ਹਾਜ਼ਰ ਰੁਪਏ ਦੀ ਵਿੱਤੀ ਸਹਾਇਤਾ ਦੇ ਚੈਕ ਪਰਿਵਾਰਕ ਮੈਂਬਰਾਂ/ਪੀੜਤਾਂ ਨੂੰ ਦਿੱਤੇ ਗਏ।
ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਅੱਜ ਕੱਲ ਫਸਲ ਦੀ ਖਰੀਦ ਦਾ ਕੰਮ ਚੱਲ ਰਿਹਾ ਹੈ ਵਧੇਰੇ ਆਵਾਜਾਈ ਹੋਣ ਕਾਰਨ ਕੋਵਿਡ ਦੀਆਂ ਸਾਵਧਾਨੀਆਂ ਨੂੰ ਅਪਣਾਉਣਾ ਬੇਹੱਦ ਜਰੂਰੀ ਹੈ ਇਸ ਲਈ ਹਰ ਵਿਅਕਤੀ ਮਾਸਕ ਪਾਵੇ, ਸਮਾਜਿਕ ਵਿੱਥ ਰੱਖੇ ਅਤੇ ਸਾਫ ਸਫਾਈ ਦਾ ਵਿਸੇਸ਼ ਧਿਆਨ ਰੱਖੇ ਤਾਂ ਜੋ ਕਰੋਨਾ ਦਾ ਸੰਕਰਮਣ ਫੈਲਣ ਤੋਂ ਰੋਕਿਆ ਜਾ ਸਕੇ।
ਮਹਿੰਦਲੀ ਨੇ ਕਿਹਾ ਕਿ ਫਸਲੀ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਰਹਿੰਦ ਖੂੰਹਦ ਅਤੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪੰਜਾਬ ਸਰਕਾਰ ਵਲੋਂ ਇਸ ਬਾਰੇ ਕਿਸਾਨਾਂ ਨੂੰ ਸੁਚੇਤ ਕਰਨ ਲਈ ਅਨਾਜ ਮੰਡੀਆਂ ਵਿੱਚ ਅਤੇ ਹੋਰ ਸਾਧਨਾਂ ਰਾਹੀ ਵਿਸੇਸ਼ ਜਾਣਕਾਰੀ ਦਿੱਤੀ ਜਾ ਰਹੀ ਹੈ। ਅੱਗ ਲਾਉਣ ਨਾਲ ਵਾਤਾਵਰਣ ਵਿੱਚ ਧੂੰਆ ਤੇ ਪ੍ਰਦੂਸ਼ਣ ਵੱਧ ਜਾਂਦਾ ਹੈ ਜੋ ਸਾਡੇ ਲਈ ਬਹੁਤ ਹੀ ਘਾਤਕ ਹੈ ਇਸ ਨਾਲ ਹਾਦਸੇ ਵੱਧ ਜਾਂਦੇ ਹਨ ਅਤੇ ਬੱਚੇ ਤੇ ਬਜੁਰਗ, ਸਾਹ ਰੋਗਾ ਨਾਲ ਪੀੜਤ ਹੁੰਦੇ ਹਨ। ਉਹਨਾਂ ਕਿਹਾ ਕਿ ਖੇਤਾਂ ਵਿੱਚ ਪਰਾਲੀ ਤੇ ਰਹਿੰਦ ਖੂੰਹਦ ਨੂੰ ਮਿਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਖਾਦਾ ਅਤੇ ਕੀਟ-ਨਾਸ਼ਕ ਦੀ ਘੱਟ ਵਰਤੋਂ ਕਰਨੀ ਪੈਦੀ ਹੈ। ਇਹ ਆਰਥਿਕ ਤੋਰ ਤੇ ਵੀ ਕਿਸਾਨਾਂ ਦੇ ਹਿੱਤ ਵਿੱਚ ਹੈ। ਉਹਨਾਂ ਨੇ ਅਪੀਲ ਕੀਤੀ ਕਿ ਕਿਸਾਨ ਪੰਜਾਬ ਸਰਕਾਰ , ਖੇਤੀਬਾੜੀ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰਨ।
ਇਸ ਮੌਕੇ ਸਰਪੰਚ ਮਹਿੰਦਲੀ ਐਡਵੋਕੇਟ ਵਿਨੋਦ ਕੁਮਾਰ, ਵਰਿਆਮ ਸਿੰਘ,ਅਰਜਨ ਸਿੰਘ,ਗੁਰਦੀਪ ਸਿੰਘ, ਮਲਕੀਤ ਸਿੰਘ, ਸਿਮਰਨਪਾਲ ਸਿੰਘ,ਕਮਲਜੀਤ ਕੌਰ, ਮਨਦੀਪ ਕੌਰ, ਗਗਨਦੀਪ ਕੋਰ, ਗੁਰਵਿੰਦਰ ਸਿੰਘ, ਹਰਭਜਨ ਸਿੰਘ, ਚਰਨਜੀਤ ਸਿੰਘ, ਜਗਵਿੰਦਰ ਸਿੰਘ, ਸੁਮਿਤ ਕੁਮਾਰ, ਸ੍ਰੀ ਆਤਮਾ ਸਿੰਘ, ਅਜੀਤ ਸਿੰਘ ਅਤੇ ਮੈਂਬਰ ਮਾਰਕਿਟ ਕਮੇਟੀ ਤੇ ਕਿਸਾਨ ਤੇ ਆੜ੍ਹਤੀ ਹਾਜ਼ਰ ਸਨ।