ਫਿਰੋਜ਼ਪੁਰ 27 ਸਤੰਬਰ 2020 : ਭਾਜਪਾ ਪੰਜਾਬ ਆਈਟੀ ਯੂਥ ਸੈੱਲ ਦੇ ਇੰਚਾਰਜ ਦੀ ਕਾਰ ਵਿਚ ਅਣਪਛਾਤੇ ਮੋਟਰਸਾਈਕਲਾਂ ਵੱਲੋਂ ਮੋਟਰਸਾਈਕਲ ਮਾਰਨ ਅਤੇ ਗੱਡੀ ਦੇ ਸ਼ੀਸ਼ੇ ਤੋੜਣ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ 4 ਅਣਪਛਾਤਿਆਂ ਖਿਲਾਫ 279, 427, 506 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਐਡਵੋਕੇਟ ਅਵਿਨਾਸ਼ ਗੁਪਤਾ ਪੁੱਤਰ ਪ੍ਰਵੀਨ ਗੁਪਤਾ ਵਾਸੀ ਮਕਾਨ ਨੰਬਰ 9294/02 ਬਾਜ਼ਾਰ ਨੰਬਰ 5 ਕੈਂਟ ਫਿਰੋਜ਼ਪੁਰ ਨੇ ਕਿਹਾ ਕਿ ਉਹ ਬੀ ਜੇ ਪੀ ਯੂਥ ਪੰਜਾਬ ਆਈਟੀ ਯੂਥ ਸੈੱਲ ਦਾ ਇੰਚਾਰਜ ਹੈ ਤੇ ਜਦ ਵੀ ਪੰਜਾਬ ਦੇ ਵਿਚ ਤੇ ਦੇਸ਼ ਦੇ ਵਿਚ ਚੋਣਾਂ ਹੁੰਦੀਆਂ ਸੀ ਤਾਂ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਧਮਕੀਆਂ ਮਿਲਦੀਆਂ ਸਨ।
ਐਡਵੋਕੇਟ ਅਵਿਨਾਸ਼ ਗੁਪਤਾ ਨੇ ਦੱਸਿਆ ਕਿ ਮਿਤੀ 26 ਸਤੰਬਰ 2020 ਦੀ ਰਾਤ 8 ਵਜੇ ਉਹ ਆਪਣੀ ਕਾਰ ਸਵਿਫਟ 'ਤੇ ਜਾ ਰਿਹਾ ਸੀ, ਜਦ ਉਹ ਮਾਮਾ ਬੇਕਰੀ ਕੋਲ ਪਹੁੰਚਿਆਂ ਤਾਂ 2 ਮੋਟਰਸਾਈਕਲਾਂ 'ਤੇ ਚਾਰ ਨੌਜਵਾਨ ਸਨ ਜਿਨ੍ਹਾਂ ਵਿਚੋਂ ਇਕ ਨੇ ਮੋਟਰਸਾਈਕਲ ਉਸ ਦੀ ਕਾਰ ਵਿਚ ਮਾਰਿਆ। ਐਡਵੋਕੇਟ ਅਵਿਨਾਸ਼ ਗੁਪਤਾ ਨੇ ਦੱਸਿਆ ਕਿ ਜਦ ਉਹ ਕਾਰ ਵਿਚੋਂ ਥੱਲੇ ਉਤਰਿਆ ਤੇ ਦੋਸ਼ੀਅਨ ਜੋ ਉਸ ਦੇ ਗਲ ਪੈ ਗਏ ਤੇ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਤੇ ਮੌਕੇ ਤੋਂ ਦੌੜ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ 4 ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।