ਲੁਧਿਆਣਾ, 25 ਸਤੰਬਰ 2020- ਨਵੇਂ ਖੇਤੀ ਬਿੱਲਾਂ ਦਾ ਲੋਕ ਇਨਸਾਫ ਪਾਰਟੀ ਨੇ ਡੱਟ ਕੇ ਵਿਰੋਧ ਕੀਤਾ। ਲੁਧਿਆਣਾ ਚ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਢੰਡਾਰੀ ਚੌਕ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੋਕੇ ਤੇ ਲਿੱਪ ਵਰਕਰਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਦੌਰਾਨ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਖੇਤੀ ਸੁਧਾਰ ਕਾਨੂੰਨ ਨਹੀਂ ਸਗੋਂ ਕਿਸਾਨਾਂ ਲਈ ਮੌਤ ਦਾ ਫਰਮਾਨ ਹੈ। ਬੈਂਸ ਨੇ ਕਿਹਾ ਇਹ ਕਾਨੂੰਨ ਲਾਗੂ ਹੋਣ ਨਾਲ ਕਿਸਾਨ ਆਪਣੇ ਹੀ ਖੇਤਾਂ ਵਿਚ ਬੰਧੂਆ ਮਜ਼ਦੂਰ ਬਣਕੇ ਰਹਿ ਜਾਣਗੇ ਅਤੇ ਉਹੀ ਫਸਲ ਬੀਜਣ ਲਈ ਮਜ਼ਬੂਰ ਹੋਣਗੇ ਜੋ ਅਡਾਨੀ-ਅੰਬਾਨੀ ਵਰਗੇ ਉਦਯੋਗਿਕ ਘਰਾਣੇ ਚਾਹੁਣਗੇ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਕੀਮਤ ਵੀ ਉਹ ਹੀ ਤੈਅ ਕਰਨਗੇ।
ਲਿਪ ਪ੍ਰਧਾਨ ਨੇ ਕਿਹਾ ਕਿ ਇਸ ਬਿੱਲ ਅਨੁਸਾਰ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਇਹ ਲੀਜ਼ ਤੇ ਲੈ ਲੈਣਗੇ ਤਾਂ ਉਸ ਉੱਤੇ ਕਰਜਾ ਲੈਣ ਦਾ ਹੱਕ ਵੀ ਉਦਯੋਗਿਕ ਘਰਾਣਿਆਂ ਕੋਲ ਹੋਵੇਗਾ। ਜੇਕਰ ਇਹ ਕਰਜਾ ਨਹੀਂ ਦੇਣਗੇ ਤਾਂ ਜ਼ਮੀਨਾਂ ਵੀ ਕਿਸਾਨਾਂ ਦੀਆਂ ਹੀ ਕੁਰਕ ਹੋਣਗੀਆਂ। ਬੈਂਸ ਨੇ ਕਿਹਾ ਪੰਜਾਬ ਦਾ 70-80 % ਕਿਸਾਨ ਪਹਿਲਾਂ ਹੀ ਕਰਜੇ ਹੇਠ ਹੈ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਬੈਕਾਂ ਕੋਲ ਗਿਰਵੀ ਪਈਆਂ ਹਨ, ਜਿਸ ਦੀ ਆੜ ਵਿਚ ਪਹਿਲਾਂ ਉਦਯੋਗਿਕ ਘਰਾਣੇ ਉਨ੍ਹਾਂ ਦੀਆਂ ਫਸਲਾਂ ਅੱਧੇ-ਪੋਣੇ ਭਾਅ ਤੇ ਖਰੀਦਣਗੇ ਅਤੇ ਉਸ ਦੀ ਅਦਾਇਗੀ ਸਮੇਂ ਸਿਰ ਨਹੀਂ ਕਰਨਗੇ। ਜਦੋਂ ਬੈਕਾਂ ਨੂੰ ਕਿਸ਼ਤਾਂ ਨਾਂ ਗਈਆਂ ਤਾਂ ਜ਼ਮੀਨਾਂ ਦੀ ਕੁਰਕੀ ਹੋਵੇਗੀ ਅਤੇ ਉਹ ਜ਼ਮੀਨਾਂ ਵੀ ਇਹ ਕੌਡੀਆਂ ਦੇ ਭਾਅ ਲੈ ਜਾਣਗੇ, ਫਿਰ ਕਿਸਾਨਾਂ ਦੀਆਂ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਦਾ ਸਿਲਸਿਲਾ ਸ਼ੁਰੂ ਹੋਵੇਗਾ। ਸਿਮਰਜੀਤ ਬੈਂਸ ਅਤੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੋਰਦਾਰ ਸ਼ਬਦਾਂ ਵਿਚ ਅਪੀਲ ਕੀਤੀ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮੂਹ ਕਿਸਾਨ ਜਥੇਬੰਦੀਆਂ, ਕਿਸਾਨ ਹਿਤੈਸ਼ੀ ਸਿਆਸੀ ਪਾਰਟੀਆਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਦਿੱਲੀ ਵੱਲ ਕੂਚ ਕਰੋ ਤੇ ਕੇਂਦਰ ਸਰਕਾਰ ਨੂੰ ਇਹ ਬਿੱਲ ਰੱਦ ਕਰਨ ਲਈ ਮਜ਼ਬੂਰ ਕਰ ਦਿਓ।
ਬੈਂਸ ਨੇ ਕਿਹਾ ਲੋਕ ਇਨਸਾਫ ਪਾਰਟੀ ਇਸ ਮਸਲੇ ਤੇ ਸਾਥ ਦੇਣ ਲਈ ਤਿਆਰ ਹੈ। ਬੈਂਸ ਭਰਾਵਾਂ ਨੇ ਅਕਾਲੀ ਦਲ ਤੇ ਵਰਦਿਆਂ ਕਿਹਾ ਕਿ “ਵੇਲੇ ਦੀ ਨਮਾਜ਼ ਅਤੇ ਕੁਵੇਲੇ ਦੀਆਂ ਟੱਕਰਾਂ” ਅਨੁਸਾਰ ਜਿਸ ਵੇਲੇ ਖੇਤੀ ਸੁਧਾਰ ਆਰਡੀਨੈਂਸ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਉਸ ਵੇਲੇ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਇਸ ਦਾ ਸਮੱਰਥਨ ਕੀਤਾ ਤੇ ਮੋਦੀ ਸਰਕਾਰ ਦੇ ਹੱਕ ਵਿਚ ਬਿਆਨ ਦਿੱਤਾ। ਬਾਆਦ ਵਿਚ ਕਿਸਾਨਾਂ ਦੇ ਦਬਾਓ ਹੇਠ ਅਸਤੀਫਾ ਦੇ ਕੇ ਕਿਹਾ ਕਿ ਬਿੱਲਾਂ ਦਾ ਵਿਰੋਧ ਕੀਤਾ। ਬੈਂਸ ਨੇ ਕਿਹਾ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕਦੀ ਦੇਖ ਕੇ ਹਰਸਿਮਰਤ ਬਾਦਲ ਕਿਸਾਨਾਂ ਦੇ ਹੱਕ ਵਿਚ ਧਰਨੇ ਲਾਉਣ ਦਾ ਡਰਾਮਾ ਕਰ ਰਹੇ ਹਨ।
ਬੈਂਸ ਨੇ ਵਿਸ਼ਵਾਸ਼ ਦੁਆਇਆ ਕਿ ਲੋਕ ਇਨਸਾਫ ਪਾਰਟੀ ਪੰਜਾਬ ਹਿਤੈਸ਼ੀ ਹੈ ਅਤੇ ਪੰਜਾਬ ਦੇ ਹੱਕਾਂ ਲਈ ਹਰ ਕੁਰਬਾਨੀ ਦੇਣ ਲਈ ਸਦਾ ਤਿਆਰ ਰਹੇਗੀ।