ਜਗਦੀਸ਼ ਥਿੰਦ
ਫਾਜ਼ਿਲਕਾ, 25 ਸਤੰਬਰ
ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਹੋ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਇਸ ਮੁਹਿੰਮ ਵਿਚ ਔਰਤਾਂ ਦੀ ਭਾਗੀਦਾਰੀ ਬਹੁਤ ਜਰੂਰੀ ਹੈ। ਇਸ ਲਈ ਹੁਣ ਨਾਰੀ ਚੌਪਾਲ ਰਾਹੀਂ ਨਸ਼ਿਆਂ ਖਿਲਾਫ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਿੰਡਾਂ ਵਿਚ ਔਰਤਾਂ ਦੇ ਨਾਰੀ ਚੌਪਾਲ ਸਮੂਹ ਬਣਾਏ ਗਏ ਹਨ ਜਿੱਥੇ ਔਰਤਾਂ ਆਪਣੀਆਂ ਮੁਸਕਿਲਾਂ ਪ੍ਰਾਪਤੀਆਂ ਸਬੰਧੀ ਵਿਚਾਰ ਚਰਚਾ ਕਰਦੀਆਂ ਹਨ। ਉਨਾਂ ਨੇ ਕਿਹਾ ਕਿ ਨਸ਼ਿਆਂ ਦੇ ਸੰਤਾਪ ਦਾ ਸਭ ਤੋਂ ਮਾੜਾ ਅਸਰ ਵੀ ਔਰਤ ਤੇ ਹੀ ਪੈਂਦਾ ਹੈ ਇਸ ਲਈ ਉਨਾਂ ਦੀ ਭੁਮਿਕਾ ਬਹੁਤ ਜਰੂਰੀ ਹੈ।
ਓਧਰ ਇਸ ਪ੍ਰੌਜੈਕਟ ਦੇ ਭਾਰਤ ਸਰਕਾਰ ਵੱਲੋਂ ਨਾਮਜਦ ਨੋਡਲ ਅਫ਼ਸਰ ਸ੍ਰੀ ਅਵਨੀਤ ਕੁਮਾਰ ਨੇ ਬੈਠਕ ਦੌਰਾਨ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਬਾਕੀ 27 ਜ਼ਿਲਿਆਂ ਜਿੱਥੇ ਇਹ ਅਭਿਆਨ ਲਾਗੂ ਕੀਤਾ ਗਿਆ ਹੈ ਵਿਚੋਂ ਫਾਜ਼ਿਲਕਾ ਜ਼ਿਲੇ ਦੀ ਕਾਰਗੁਜਾਰੀ ਸਭ ਤੋਂ ਬਿਹਤਰ ਹੈ। ਉਨਾਂ ਨੇ ਕਿਹਾ ਕਿ ਇਸ ਦਾ ਸਿਹਰਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦਪਾਲ ਸਿੰਘ ਸੰਧੂ ਦੀ ਰਹਿਨੁਮਾਈ ਅਤੇ ਯੋਜਨਾਬੰਦੀ ਨੂੰ ਜਾਂਦਾ ਹੈ। ਉਨਾਂ ਨੇ ਖੇਡ ਗਤੀਵਿਧੀਆਂ ਦਾ ਨਸ਼ਿਆਂ ਨੂੰ ਰੋਕਣ ਵਿਚ ਮਹੱਤਵ ਬਾਰੇ ਵੀ ਜਾਣਕਾਰੀ ਦਿੰਦਿਆਂ ਸਰੱਹਦੀ ਇਲਾਕਿਆਂ ਵਿਚ ਵਿਸੇਸ਼ ਤਵੱਜੋਂ ਦੇਣ ਦੀ ਗੱਲ ਆਖੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਬੇਸ਼ੱਕ ਕਰੋਨਾ ਕਰਕੇ ਵੱਡੇ ਜਨਤਕ ਇੱਕਠ ਨਹੀਂ ਕੀਤੇ ਜਾ ਸਕਦੇ ਹਨ ਪਰ ਫਿਰ ਵੀ ਜਨ ਜਾਗਰੂਕਤਾ ਲਈ ਹਰ ਇਕ ਉਪਰਾਲਾ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀ ਇਸ ਸਬੰਧੀ ਸ਼ਹਿਰ ਵਿਚ ਜਾਗਰੂਕਤਾ ਲਈ ਇਕ ਸਾਈਕਲ ਰੈਲੀ ਵੀ ਕਰਣਗੇ।
ਜ਼ਿਲਾ ਭਲਾਈ ਅਫ਼ਸਰ ਸ: ਬਰਿੰਦਰ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਵਿਚ ਸਾਰੇ ਵਿਭਾਗ ਸਹਿਯੋਗ ਕਰ ਰਹੇ ਹਨ। ਤਹਿਸੀਲ ਭਲਾਈ ਅਫ਼ਸਰ ਸ੍ਰੀ ਅਸੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਵੀ ਲੋਕਾਂ ਨਾਲ ਰਾਬਤਾ ਵਧਾਇਆ ਜਾ ਰਿਹਾ ਹੈ ਤਾਂ ਜੋ ਲੋਕ ਪੁਲਿਸ ਨੂੰ ਆਪਣੀ ਦੋਸਤ ਸਮਝਣ।
ਸ੍ਰੀ ਬੀਐਲ ਸਿੱਕਾ ਅਤੇ ਸ੍ਰੀ ਸੰਜੀਵ ਮਾਰਸ਼ਲ ਨੇ ਇਸ ਪ੍ਰੋਜੈਕਟ ਵਿਚ ਗੈਰ ਸਰਕਾਰੀ ਸੰਗਠਨਾਂ ਦੀ ਭੁਮਿਕਾ ਦਾ ਜਿਕਰ ਕੀਤਾ। ਡਾ: ਸਿਧਾਰਥ ਅਤੇ ਡਾ: ਮਹੇਸ਼ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਓਟ ਕਲੀਨਿਕਾਂ ਵਿਚ ਨਸ਼ੇ ਦੇ ਮਰੀਜਾਂ ਦਾ ਬਿੱਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਡੀਐਮਸੀ ਡਾ: ਤਿ੍ਰਲੋਚਣ ਸਿੰਘ ਆਦਿ ਵੀ ਹਾਜਰ ਸਨ।