ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧਰਨੇ ਵਿੱਚ ਠਾਠਾਂ ਮਾਰਦੇ ਵਰਕਰਾਂ ਦੇ ਇਕੱਠ ਦਾ ਦ੍ਰਿਸ਼
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 25 ਸਤੰਬਰ , ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਬਿਲ ਪਾਸ ਕਰਨ ਦੇ ਵਿਰੋਧ ਵਿੱਚ ਸ਼੍ਰਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਇੰਚਾਰਜ ਗੁਰੂਹਰਸਹਾਏ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿੱਚ ਫਿਰੋਜ਼ਪੁਰ - ਫਾਜ਼ਿਲਕਾ ਸੜਕ ਉੱਪਰ ਸਥਿਤ ਗੋਲੂ ਕਾ ਮੋੜ ਉੱਪਰ ਧਰਨਾ ਸ਼ੁਰੂ ਕੀਤਾ ਗਿਆ ਹੈ ।
ਹੱਥਾਂ ਵਿੱਚ ਝੰਡੇ ਲੈ ਕੇ ਅਤੇ ਤਖ਼ਤੀਆਂ ਫੜ ਕੇ ਕਿਸਾਨ ਕੇਂਦਰ ਸਰਕਾਰ ਮੁਰਦਾਬਾਦ ,ਸੋਧ ਬਿੱਲ ਵਾਪਸ ਜਾਓ ਦੇ ਨਾਅਰੇ ਲਗਾ ਰਹੇ ਹਨ ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਪੂੰਜੀਪਤੀਆਂ ਨੂੰ ਲਾਭ ਦੇਣ ਅਤੇ ਖੇਤੀ ਸੈਕਟਰ ਵਿੱਚੋਂ ਕਿਸਾਨਾਂ ਨੂੰ ਬਾਹਰ ਕਰਨ ਦੇ ਮਨਸੂਬੇ ਤਹਿਤ ਇਹ ਮਾਰੂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ।
ਉਹਨਾਂ ਕਿਹਾ ਕਿ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਲਈ ਸ਼ੁਰੂ ਤੋਂ ਸੰਘਰਸ਼ਸ਼ੀਲ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਤੁਰੰਤ ਇਸ ਸਬੰਧੀ ਫੈਸਲਾ ਲੈ ਕੇ ਕੇਂਦਰ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਲਈ ਸਪੱਸ਼ਟ ਤੌਰ ਤੇ ਕਿਹਾ ਹੈ ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀ ਦਾ ਅਹੁਦਾ ਛੱਡਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਉਹ ਪੰਜਾਬ ਦੇ ਹੱਕਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ ।
ਉਹਨਾਂ ਕਿਹਾ ਕਿ ਇਹ ਕਨੂੰਨ ਲਾਗੂ ਹੋਣ ਤੇ ਕਿਸਾਨ , ਮਜ਼ਦੂਰ , ਆੜਤੀ ਵਰਗ ਤੋਂ ਇਲਾਵਾ ਖੇਤੀ ਸੈਕਟਰ ਨਾਲ ਜੁੜੇ ਹੋਰਨਾਂ ਵਰਗਾਂ ਦੀ ਆਰਥਿਕਤਾ ਨੂੰ ਸੱਟ ਵੱਜੇਗੀ ।
ਹਰਜਿੰਦਰ ਸਿੰਘ ਗੁਰੂ ਸਾਬਕਾ ਚੇਅਰਮੈਨ ਨੇ ਕਿਹਾ ਕਿ ਨਰਿੰਦਰ ਮੋਦੀ ਸੌੜੀ ਸੋਚ ਤਹਿਤ ਫੈਸਲੇ ਲੈ ਰਿਹਾ ਹੈ ,ਉਹਨਾਂ ਕਿਹਾ ਕਿ ਅੇਨ ਸੀ ਆਰ ਲਾਗੂ ਕਰਨਾ ਅਤੇ ਜੰਮੂ ਕਸ਼ਮੀਰ ਦੇ ਟੋਟੇ ਕਰਕੇ ਕੇਂਦਰੀ ਸ਼ਾਸਤ ਰਾਜ ਬਨਾਉਣਾ ਗੈਰ ਸੰਵਿਧਾਨਕ ਹੈ ।
ਉਹਨਾਂ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈੰਸ ਅਧੀਨ ਲਿਆ ਕਿ ਦੇਸ਼ ਦੇ ਅੰਨਦਾਤਾ ਨੂੰ ਉਜਾੜਣ ਦੀ ਸਾਜਿਸ਼ ਹੈ ।
ਉਹਨਾਂ ਕਿ ਕਰਜਾਈ ਕਿਸਾਨ ਪਹਿਲਾਂ ਹੀ ਆਤਮ ਹੱਤਿਆਵਾਂ ਦੇ ਰਾਹ ਪਿਆ ਹੋਇਆ ਹੈ , ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਲਾਰਾ ਉਸ ਜੁਮਲੇ ਵਾਂਗੂ ਹੰ ਜਿਸ ਤਰ੍ਹਾਂ ਵਿਦੇਸ਼ਾਂ ਤੋਂ ਕਾਲਾ ਧੰਨ ਲਿਆ ਕਿ ਹਰੇਕ ਨਾਗਰਿਕ ਦੇ ਖਾਤੇ ਵਿੱਚ ਪੰਦਰਾਂ ਲੱਖ ਰੁਪਏ ਪਾਉਣ ਦਾ ਜੁਮਲਾ ਨਿਕਲਿਆ ।
ਜਸਪਾਲ ਸਿੰਘ ਲੱਖੋ ਕੇ ਨੇ ਕਿਹਾ ਕਿ ਦਰਵੇਸ਼ ਸਿਆਸਤਦਾਨ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਟਰੈਕਟਰ ਨੂੰ ਕਿਸਾਨ ਦਾ ਗੱਡਾ ਕਰਾਰ ਦੇਣ , ਬਿਜਲੀ ਪਾਣੀ ਮੁਫ਼ਤ ਵਿੱਚ ਦੇਣ ਦੇ ਇਤਿਹਾਸਕ ਫੈਸਲੇ ਲਏ , ਜਦਕਿ ਇਸ ਤੋਂ ਬਾਅਦ ਕਿਸਾਨਾਂ ਤੋਂ ਬਿਜਲੀ ਦੇ ਬਿਲ ਵਸੂਲਣ , ਕਿਸਾਨਾਂ ਤੋਂ ਇਨਕਮ ਟੈਕਸ ਉਗਰਾਹੁਣ ਦੀਆਂ ਚਾਲਾਂ ਚੱਲੀਆਂ ਜਾਣਗੀਆਂ ।
ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਲੱਖੋ ਕੇ ਨੇ ਕਿਹਾ ਕਿ ਪਾਕਿਸਤਾਨ ਵਿੱਚ ਪੰਜਾਬ ਦੀਆਂ ਜਿਣਸਾਂ ਵੇਚਣ ਦੀ ਖੁੱਲ੍ਹ ਤਾਂ ਕੀ ਦੇਣੀ ਸੀ ਪਹਿਲਾਂ ਚੱਲ ਰਿਹਾ ਮੰਡੀਕਰਨ ਤਬਾਹ ਹੋਵੇਗਾ ।
ਇਸ ਮੌਕੇ ਸੀਨੀਅਰ ਆਗੂਆਂ ਵਿੱਚ ਰੋਹਿਤ ਕੁਮਾਰ ਮਾਂਟੂ ਵੋਹਰਾ , ਦਰਸ਼ਨ ਸਿੰਘ ਬਰਾੜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ਼ਿਵ ਤ੍ਰਿਪਾਲ ਕੇ , ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਕਮੇਟੀ , ਲਖਵਿੰਦਰ ਸਿੰਘ ਮਹਿਮਾ , ਸੁਖਚੈਨ ਸਿੰਘ ਸੇਖੋਂ , ਗੁਰਭੇਜ ਸਿੰਘ ਦੋਸਾਂਝ , ਜਸਪ੍ਰੀਤ ਸਿੰਘ ਮਾਨ , ਸ਼ੇਰ ਚੰਦ ਬੂੰਗੀ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਆਗੂ ਅਤੇ ਪੰਚ ਸਰਪੰਚ ਮੌਜੂਦ ਹਨ ।