ਸਿੱਖਿਆ ਸੁਧਾਰ ਮੁਹਿੰੰਮ ਦਾ ਦਿਖਿਆ ਅਸਰ
ਜੇ.ਈ.ਈ. ਮੇਨਜ਼ ਵਿੱਚ ਛਾਏ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ
537 ਵਿਦਿਆਰਥੀਆਂ ਨੇ ਕੀਤਾ ਕੁਆਲੀਫਾਈ
ਐੱਸ.ਏ.ਐੱਸ. ਨਗਰ, 25 ਸਤੰਬਰ, 2020 :
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਵਿੱਚ ਚਲ ਰਹੀ ਗੁਣਾਤਮਿਕ ਸਿੱਖਿਆ ਸੁਧਾਰ ਮੁਹਿੰਮ ਦੇ ਸ਼ਾਨਦਾਰ ਨਤੀਜੇ ਮਿਲਣੇ ਆਰੰਭ ਹੋ ਗਏ ਹਨ, ਜਿਸ ਦੀ ਮਿਸਾਲ ਹਾਲ ਵਿੱਚ ਹੀ ਆਏ ਜੇ.ਈ.ਈ. ਮੇਨਜ਼ ਰਾਸ਼ਟਰ ਪੱਧਰੀ ਮੁਕਾਬਲੇ ਦੀ ਪ੍ਰਖਿਆ ਵਿੱਚ ਦੇਖਣ ਨੂੰ ਮਿਲੀ ਹੈ | ਇਸ ਪ੍ਰੀਖਿਆ ਵਿੱਚ 537 ਵਿਦਿਆਰਥੀਆਂ ਨੇ ਅਗਲੇਰੇ ਪੜਾਅ ਲਈ ਕੁਆਲੀਫਾਈ ਕਰ ਲਿਆ ਹੈ|
ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸੁਧਾਰ ਮੁਹਿੰਮ ਤਹਿਤ ਕਿਰਿਆਵਾਂ 'ਤੇ ਅਧਾਰਿਤ ਸਿੱਖਣ-ਸਿਖਾਉਣ ਗਤੀਵਿਧੀਆਂ, ਗਣਿਤ-ਵਿਗਿਆਨ-ਸਮਾਜਿਕ ਸਿੱਖਿਆ ਮੇਲੇ, ਪਾਠਕ੍ਰਮ ਦੀਆਂ ਧਾਰਨਾਵਾਂ ਨੂੰ ਸਮਝਣ ਲਈ ਈ-ਕੰਟੈਂਟ ਦੀ ਵਰਤੋਂ, ਜਮਾਤਾਂ ਦੇ ਕਮਰਿਆਂ ਵਿੱਚ ਪੜ੍ਹਾਉਣ ਲਈ ਸਮਾਰਟ ਤਕਨਾਲੋਜੀ ਦੀ ਉਪਲਭਧਤਾ, ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਵਿੱਚ ਸਿੱਖਣ ਦੀ ਰੁਚੀ ਵਿੱਚ ਵਾਧਾ ਹੋਇਆ ਹੈ| ਇਸਦੇ ਨਾਲ ਹੀ ਪਾਠਕ੍ਰਮ ਵਿਚਲੀਆਂ ਧਾਰਨਾਵਾਂ ਨੂੰ ਬਾਲਾ ਵਰਕ ਅਤੇ ਹੋਰ ਵਿੱਦਿਅਕ ਮੁਕਾਬਲਿਆਂ ਰਾਹੀਂ ਵੀ ਸਮਝਾਉਣ ਲਈ ਵਿਭਾਗ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਹਨ|
ਜ਼ਿਕਰਯੋਗ ਹੈ ਕਿ ਜੇ.ਈ.ਈ. ਮੇਨਜ਼ ਵਿੱਚ ਅੰਮ੍ਰਿਤਸਰ ਦੇ 41, ਬਠਿੰਡਾ ਦੇ 32, ਫਾਜ਼ਿਲਕਾ ਦੇ 13, ਫਿਰੋਜ਼ਪੁਰ ਦੇ 46, ਗੁਰਦਾਸਪੁਰ ਦੇ 41, ਹੁਸ਼ਿਆਰਪੁਰ ਦੇ 13, ਜਲੰਧਰ ਦੇ 60, ਕਪੂਰਥਲਾ ਦੇ 10, ਲੁਧਿਆਣਾ ਦੇ 104, ਮੋਗਾ ਦਾ 1, ਸ੍ਰੀ ਮੁਕਤਸਰ ਸਾਹਿਬ ਦੇ 2, ਪਠਾਨਕੋਟ ਦੇ 7, ਪਟਿਆਲਾ ਦੇ 50, ਰੂਪਨਗਰ ਦੇ 8, ਸੰਗਰੂਰ ਦੇ 59, ਸ.ਅ.ਸ. ਨਗਰ ਦੇ 44 ਅਤੇ ਸਭਸ ਨਗਰ ਦੇ 6 ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ ਹੈ|
ਲਵਪ੍ਰੀਤ ਕੁਮਾਰ ਸਸਸਸ (ਮੁੰਡੇ) ਭਾਰਗਵ ਕੈਂਪ ਜਲੰਧਰ ਨੇ 1078ਵਾਂ ਰੈਂਕ (ਐੱਸ.ਸੀ) 96.29 ਪਰਸੈਂਟਾਈਲ ਪ੍ਰਾਪਤ ਕਰਨ 'ਤੇ ਮਾਣ ਨਾਲ ਕਿਹਾ ਕਿ ਉਹ ਸਰਕਾਰੀ ਸਕੂਲ ਵਿੱਚ ਪੜ੍ਹਿਆ ਹੈ ਅਤੇ ਸਕੂਲ ਦੇ ਅਧਿਆਪਕਾਂ ਨੇ ਉਸਨੂੰ ਬਹੁਤ ਹੀ ਸੁਚੱਜੀ ਅਗਵਾਈ ਦਿੱਤੀ ਹੈ| ਇਸ ਪ੍ਰਾਪਤੀ ਦਾ ਸਿਹਰਾ ਉਹ ਆਪਣੇ ਸਰਕਾਰੀ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੰਦਾ ਹੈ| ਮੈਰੀਟੋਰੀਅਸ ਸਕੂਲ ਮੋਹਾਲੀ ਵਿੱਚ ਪੜ੍ਹਣ ਵਾਲੀ ਵਿਦਿਆਰਥਣ ਰਾਧਿਕਾ ਜਿਸਦੀ 88.2 ਪਰਸੈਂਟਾਈਲ ਆਈ ਹੈ ਨੇ ਕਿਹਾ ਕਿ ਇਸ ਮੁਕਾਬਲੇ ਦੀ ਪ੍ਰੀਖਿਆ ਲਈ ਉਸਨੇ ਕੋਈ ਅਲਹਿਦਾ ਕੋਚਿੰਗ ਕਿਸੇ ਵੀ ਨਿਜੀ ਕੇਂਦਰ ਤੋਂ ਪ੍ਰਾਪਤ ਨਹੀਂ ਕੀਤੀ| ਇਸ ਵਧੀਆ ਨਤੀਜੇ ਲਈ ਉਹ ਆਪਣੇ ਅਧਿਆਪਕਾਂ ਅਤੇ ਸਕੂਲ ਮੁਖੀ ਦੀ ਨਿਰੰਤਰ ਅਗਵਾਈ ਲਈ ਧੰਨਵਾਦੀ ਹਨ|
ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਅਤੇ ਸਿੱਖਣ ਪਰਿਣਾਮਾਂ ਬਾਰੇ ਮੁਲੰਕਣ ਕਰਨ ਲਈ ਇਸ ਸਾਲ ਪੰਜਾਬ ਪ੍ਰਾਪਤੀ ਸਰਵੇਖਣ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਕੇ ਸਾਹਮਣੇ ਆਇਆ ਹੈ| ਇਸ ਸਬੰਧੀ ਮਾਪਿਆਂ ਦਾ ਵਿਚਾਰ ਹੈ ਕਿ ਵਿਦਿਆਰਥੀਆਂ ਨੂੰ ਇਸਦਾ ਭਵਿੱਖ ਵਿੱਚ ਹੋਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਲਾਭ ਮਿਲੇਗਾ|