ਅੰਮ੍ਰਿਤਸਰ 24 ਸਤੰਬਰ 2020- ਜਥੇਦਾਰ ਹਵਾਰਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਮੋਰਚੇ ਨੂੰ ਕਮਜ਼ੋਰ ਕਰਨ ਦਾ ਇਲਜ਼ਾਮ ਲਾਇਆ। ਜਥੇਦਾਰ ਹਵਾਰਾ ਕਮੇਟੀ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਪਾਵਨ 328 ਸਰੂਪਾਂ ਦੀ ਭਾਲ ਲਈ ਕਮੇਟੀ ਨੇ ਜੋ ਮੋਰਚਾ ਅਰੰਭਿਆ ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਰਅਸਲ ਐਸ ਜੀ ਪੀ ਸੀ ਦੇ ਦਫ਼ਤਰ ਦੇ ਗੇਟ ਤੇ ਦੋ ਸਪੀਕਰ ਲਗਾ ਦਿੱਤੇ ਗਏ ਨੇ ਤੇ ਉਚੀ ਆਵਾਜ਼ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਤੇ ਜਾ ਰਹੇ ਕੀਰਤਨ ਦਾ ਪ੍ਰਸਾਰਣ ਆਰੰਭ ਦਿੱਤਾ। ਜਥੇਦਾਰ ਹਵਾਰਾ ਕਮੇਟੀ ਦਾ ਕਹਿਣਾ ਹੈ ਕਿ ਇਹ ਸਪੀਕਰ ਮੋਰਚੇ ਤੇ ਬੈਠੀ ਸੰਗਤ ਦੀ ਆਵਾਜ਼ ਨੂੰ ਦਬਾਉਣ ਲਈ ਜਾਣ ਬੁੱਝ ਕੇ ਲਗਾਏ ਗਏ ਨੇ। ਕਮੇਟੀ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਮੋਰਚੇ 'ਤੇ ਬੈਠੇ ਸਿੰਘਾਂ ਨੂੰ ਟਾਸਕ ਫੋਰਸ ਕੋਲੋਂ ਕੁਟਵਾਇਆ ,ਦਸਤਾਰਾਂ ਦੀ ਬੇਅਦਬੀ ਕੀਤੀ ਗਈ । ਜਦੋਂ ਇਹ ਹੱਥਕੰਡੇ ਮੋਰਚੇ 'ਤੇ ਬੈਠੀ ਸੰਗਤਾਂ ਦਾ ਹੌਸਲਾ ਨਾਂ ਡੇਗ ਸਕੇ ਤਾਂ ਹੁਣ ਐਸ ਜੀ ਪੀ ਸੀ ਨੇ ਨਵੀਂ ਰਣਨੀਤੀ ਘੜੀ ਹੈ।
ਜ਼ਿਕਰ ਯੋਗ ਹੈ ਕਿ ਗੁਰਬਾਣੀ ਪ੍ਰਸਾਰਣ ਲਈ ਇਹ ਸਪੀਕਰ ਕਦੇ ਵੀ ਪਹਿਲਾਂ ਨਹੀਂ ਦੇਖੇ ਗਏ । ਜਥੇਦਾਰ ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸੱਚਖੰਡ ਤੋ ਪ੍ਰਸਾਰਿਤ ਕੀਰਤਨ ਸਪੀਕਰ ਰਾਹੀਂ
ਪਰਕਰਮਾਂ ,ਜੋੜਾ ਘਰ,ਲੰਗਰ ਹਾਲ ਆਦਿ ਵਿੱਚ ਸੁਣਿਆ ਜਾਂਦਾ ਹੈ ਪਰ ਕਮੇਟੀ ਦੇ ਦਫਤਰ ਦੇ ਗੇਟ ਤੇ ਨਵੀਂ ਪਿਰਤ ਪਿਛਲੇ ਦੋ ਦਿਨਾਂ ਤੋ ਸ਼ੁਰੂ ਹੋਈ ਹੈ। ਸੰਗਤਾਂ ਨੂੰ ਗੁਰਬਾਣੀ ਸਣਾਉਣਾ ਚੰਗੀ ਗੱਲ ਹੈ ਪਰ ਲਾਪਤਾ ਪਾਵਨ ਸਰੂਪਾਂ ਦਾ ਇਨਸਾਫ ਲੈਣ ਲਈ ਮੋਰਚੇ ਤੇ ਬੈਠੀ ਸੰਗਤ ਦੀ ਆਵਾਜ ਨੂੰ ਦਬਾਉਣ ਲਈ ਗੁਰਬਾਣੀ ਪ੍ਰਸਾਰਣ ਨੂੰ ਢਾਲ ਬਣਾਉਣਾ ਚੰਗੀ ਗੱਲ ਨਹੀਂ।
ਜਥੇਦਾਰ ਹਵਾਰਾ ਕਮੇਟੀ ਦੇ ਆਗੂਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੋਰਚੇ 'ਤੇ ਬੈਠੀ ਸੰਗਤਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖ਼ਿਲਾਫ਼ ਧਾਰਮਿਕ ਆਗੂਆ ਨੂੰ ਮੂਕ ਅਵਸਥਾ ਤੋ ਬਾਹਰ ਆਉਣਾ ਚਾਹੀਦਾ ਹੈ। ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ,ਐਡਵੋਕੇਟ ਅਮਰ ਸਿੰਘ ਚਾਹਲ,ਬਾਪੂ ਗੁਰਚਰਨ ਸਿੰਘ ,ਮਹਾਬੀਰ ਸਿੰਘ ਸੁਲਤਾਨਵਿੰਡ ,ਸੁਖਰਾਜ ਸਿੰਘ ਵੇਰਕਾ,ਗੁਰਜੰਟ ਸਿੰਘ ਪਟਿਆਲਾ ਨੇ ਕਿਹਾ ਕਿ ਮੋਰਚੇ ਤੇ ਬੈਠੇ ਸਿੰਘ ਤੇ ਭੈਣਾਂ ਗੁਰੂ ਦੇ ਭਰੋਸੇ ਸ਼੍ਰੋਮਣੀ ਕਮੇਟੀ ਦੀ ਧੱਕੇਸ਼ਾਹੀ ਜਰ ਰਹੇ ਹਨ ਕਿਉਂਕਿ ਉਹ ਲਾਪਤਾ ਪਾਵਨ ਸਰੂਪਾਂ ਦਾ ਇਨਸਾਫ ਲੈਣ ਲਈ ਆਏ ਹਨ ।ਜਥੇਦਾਰ ਹਵਾਰਾ ਕਮੇਟੀ ਨੇ ਸ੍ਰੋਮਣੀ ਕਮੇਟੀ ਨੂੰ ਇਕ ਗੁਨਾਹ ਦੇ ਦੂਜਾ ਗੁਨਾਹ ਕਰਨ ਦੀ ਗੰਦਲੀ ਸੋਚ ਤੋ ਬਾਹਰ ਨਿਕਲ ਕੇ ਸਿੱਖ ਜਗਤ ਤੋ ਆਪਣੇ ਗੁਨਾਹਾਂ ਦੀ ਮੁਆਫੀ ਮੰਗਣ ਦੀ ਸਲਾਹ ਦਿੱਤੀ ।