ਰਾਜਵੰਤ ਸਿੰਘ
- ਇੱਕ ਹੋਰ ਮਾਮਲੇ ’ਚ ਲਾਹਣ ਸਮੇਤ ਸਮੱਗਲਰ ਕੀਤਾ ਕਾਬੂ
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ 2020 - ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਵੱਲੋਂ ਅੱਜ ਦੋ ਵੱਖ-ਵੱਖ ਥਾਵਾਂ ਤੋਂ ਨਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕੀਤੀ ਗਈ ਹੈ। ਇਹ ਮਾਮਲੇ ਥਾਣਾ ਲੱਖੇਵਾਲੀ ਤੇ ਸਦਰ ਥਾਣੇ ਵਿਖੇ ਦਰਜ ਕੀਤੇ ਗਏ ਹਨ। ਪਹਿਲੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਲੱਖੇਵਾਲੀ ਦੇ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਵੱਲੋਂ ਪਿੰਡ ਮਦਰੱਸਾ ਵਿਖੇ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਸ ਨੂੰ ਇੱਕ ਸੂਚਨਾ ਮਿਲੀ ਕਿ ਜੇਕਰ ਪਿੰਡ ਦੇ ਸੇਮਨਾਲੇ ਦੇ ਪਿੱਛੇ ਪਟੜੀ ਪੁਲ ’ਤੇ ਸਰਚ ਕੀਤੀ ਜਾਵੇ ਤਾਂ ਨਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ, ਜਿਸ ਤੋਂ ਬਾਅਦ ਪੁਲਸ ਨੇ ਕਰੀਬ ਅੱਧਾ ਕਿਲੋਮੀਟਰ ਜਗ੍ਹਾ ਦੀ ਤਲਾਸ਼ੀ ਲਈ ਤਾਂ ਉਥੋਂ 45 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਮਿਲੀਆਂ। ਉਨ੍ਹਾਂ ਦੱਸਿਆ ਕਿ ਸਮੱਗਲਰ ਦਾ ਕੁੱਝ ਪਤਾ ਨਹੀਂ ਚੱਲ ਸਕਿਆ, ਫ਼ਿਲਹਾਲ ਪੁਲਸ ਨੇ ਸ਼ਰਾਬ ਆਪਣੇ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏਐਸਆਈ ਸਤੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਰੁਪਾਣਾ ਵਿਖੇ ਨਾਕੇ ਦੌਰਾਨ ਮਿਲੀ ਸੂਚਨਾ ਦੇ ਅਧਾਰ ’ਤੇ ਜਦੋਂ ਪੁਲਸ ਨੇ ਪਿੰਡ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਪੁੱਤਰ ਚਰਨ ਸਿੰਘ ਦੇ ਘਰ ਰੇਡ ਕੀਤੀ ਤਾਂ ਉਥੋਂ 100 ਲਿਟਰ ਲਾਹਣ ਬਰਾਮਦ ਹੋਈ। ਕਥਿਤ ਦੋਸ਼ੀ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਉਕਤ ਦੋਵੇਂ ਮਾਮਲਿਆਂ ਵਿੱਚ ਐਕਸਾਈਜ਼ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।