ਮਨਿੰਦਰਜੀਤ ਸਿੱਧੂ
- ਖੇਤੀਬਾੜੀ ਦੇ ਨਵੇਂ ਕਾਨੂੰਨਾਂ ਨਾਲ ਪੰਜਾਬ ਦੀ ਕਿਰਸਾਨੀ ਤਬਾਹ ਹੋ ਜਾਵੇਗੀ- ਗੁਰਭੇਜ ਸਿੰਘ ਰੋਮਾਣਾ
ਜੈਤੋ, 22 ਸਿਤੰਬਰ 2020 - ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਲਿਆਂਦੇ ਗਏ ਖੇਤੀ ਸੁਧਾਰਾਂ ਦੇ ਤਿੰਨ ਆਰਡੀਨੈਂਸਾਂ ਖਿਲਾਫ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਹੋਰ ਕਈ ਹਿੱਸਿਆਂ ਵਿੱਚ ਕਿਸਾਨ ਯੂਨੀਅਨਾਂ, ਸਮਾਜਿਕ ਕਾਰਕੁੰਨਾਂ, ਕਲਾਕਾਰਾਂ ਅਤੇ ਸਿਆਸੀ ਧਿਰਾਂ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।31 ਕਿਸਾਨ ਜੱਥੇਬੰਦੀਆਂ ਵੱਲੋਂ ਆਉਣ ਵਾਲੀ 25 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।ਇਸ ਬੰਦ ਨੂੰ ਸਫਲ ਬਣਾਉਣ ਲਈ ਵੱਖ-ਵੱੱਖ ਮੁਲਾਜ਼ਮ ਜੱਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਪੂਰਾ ਜ਼ੌਰ ਲਾ ਰਹੀਆਂ ਹਨ।ਇਸੇ ਤਰਜ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਤੇ ਹਨ।ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਆਪ ਕਿਸਾਨ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਮਾਣਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ 25 ਸਿਤੰਬਰ ਨੂੰ ਹੋਣ ਵਾਲੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਕਾਮਯਾਬ ਕਰਨ ਲਈ 24 ਸਤੰਬਰ ਨੂੰ ਜੈਤੋ ਬੱਸ ਸਟੈਂਡ ਕੋਲ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਫਲੈਸ਼ ਕਾਰਡ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਇਸ ਬੰਦ ਨੂੰ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਪਾਸ ਇਹਨਾਂ ਕਾਨੂੰਨਾਂ ਨਾਲ ਪੰਜਾਬ ਦੀ ਕਿਰਸਾਨੀ ਬਿਲਕੁਲ ਤਬਾਹ ਹੋ ਜਾਵੇਗੀ।ਕਿਸਾਨਾਂ ਦੀ ਹਾਲਤ ਤਾਂ ਪਹਿਲਾਂ ਹੀ ਬਹੁਤ ਮਾੜੀ ਹੈ, ਪਰ ਜੇਕਰ ਇਹਨਾਂ ਕਾਨੂੰਨਾਂ ਦੇ ਆਉਣ ਤੋਂ ਬਾਅਦ ਐੱਮ.ਐੱਸ.ਪੀ. ਖਤਮ ਹੋ ਜਾਂਦੀ ਹੈ ਤਾਂ ਕਿਸਾਨੀ ਬਿਲਕੁਲ ਗਰਕ ਜਾਵੇਗੀ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਹ ਕਾਨੂੰਨ ਕਿਸਾਨਾਂ ਦੀ ਜਮੀਨਾਂ ਅੰਬਾਨੀਆਂ, ਅਡਾਨੀਆਂ ਨੂੰ ਖੋਹ ਕੇ ਦੇਣ ਲਈ ਲੈ ਕੇ ਆਈ ਹੈ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਹੈ ਅਤੇ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਵੀ ਹੈ ਅਤੇ ਸਮਰੱਥ ਵੀ ਹੈ।