ਦੂਜੇ ਬੋਰਡਾਂ 'ਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਦਾਖ਼ਲਾ ਲੈਣਾ ਹੋਇਆ ਸੁਖਾਲਾ
ਐੱਸ.ਏ.ਐੱਸ. ਨਗਰ 21 ਸਤੰਬਰ, 2020 : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਹੋਰਨਾਂ ਬੋਰਡਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਦਾਖਲਾ ਲੈਣ ਲਈ ਪ੍ਰਕਿਰਿਆ ਅਸਾਨ ਕਰ ਦਿੱਤੀ ਹੈ। ਇਸ ਸਬੰਧੀ ਸਮੂਹ ਸਕੂਲ ਮੁਖੀਆਂ ਵੱਲੋਂ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਦਾਖਲੇ ਸਬੰਧੀ ਕੁੱਝ ਸਮੱਸਿਆਵਾਂ ਲਿਆਂਦੀਆਂ ਗਈਆਂ ਜਿਹਨਾਂ ਦਾ ਨਿਪਟਾਰਾ ਕਰਨ ਲਈ ਸੀ.ਬੀ.ਐੱਸ.ਈ. ਬੋਰਡ ਜਾਂ ਆਈ ਸੀ.ਐੱਸ.ਈ. ਬੋਰਡ ਜਾਂ ਕਿਸੇ ਹੋਰ ਬੋਰਡ ਤੋਂ ਆਏ ਅੱਠਵੀਂ, ਨੌਵੀਂ, ਦਸਵੀਂ ਅਤੇ ਗਿਆਰ੍ਹਵੀਂ ਸ਼੍ਰੇਣੀ ਦੇ ਜਿਹੜੇ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਦਾਖ਼ਲਾ ਲੈ ਚੁੱਕੇ ਹਨ ਅਤੇ ਉਹਨਾਂ ਕੋਲ ਹੇਠਲੀ ਸ਼੍ਰੇਣੀ ਪਾਸ ਕਰਨ ਸਬੰਧੀ ਕੋਈ ਦਸਤਾਵੇਜ਼ ਨਹੀਂ ਹੈ ਤਾਂ ਸਕੂਲ ਮੁਖੀ ਉਹਨਾਂ ਕੋਲੋਂ ਜਨਮ ਸਰਟੀਫਿਕੇਟ ਜਾਂ ਅਧਾਰ ਕਾਰਡ ਪ੍ਰਾਪਤ ਕਰਕੇ ਦਾਖ਼ਲਾ ਦੇ ਸਕਦੇ ਹਨ। ਇਸੇ ਦਾਖ਼ਲੇ ਦੇ ਅਧਾਰ 'ਤੇ ਹੀ ਇਹਨਾਂ ਵਿਦਿਆਰਥੀਆਂ ਦੀ ਫਾਈਨਲ ਸਬਮਿਸ਼ਨ ਵੀ ਕਰ ਦਿੱਤੀ ਜਾਵੇ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਇੰਟਰ ਸਕੂਲ ਬੋਰਡ ਅਤੇ ਬਾਹਰਲੇ ਬੋਰਡਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਦਾਖ਼ਲੇ ਸਬੰਧੀ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਫ਼ੀਸ ਜਮ੍ਹਾਂ ਕਰਵਾਉਣ ਦੀਆਂ ਮਿਤੀਆਂ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਪ੍ਰਾਈਵੇਟ ਸਕੂਲਾਂ ਨੇ ਆਪਣੇ ਪੱਧਰ 'ਤੇ ਇੰਮਪੋਰਟ ਕਰ ਲਿਆ ਹੈ ਪਰੰਤੂ ਅਜਿਹੇ ਵਿਦਿਆਰਥੀ ਜੇਕਰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣਾ ਚਾਹੁੰਦੇ ਹਨ ਜਾਂ ਦਾਖ਼ਲਾ ਲੈ ਚੁੱਕੇ ਹਨ ਤਾਂ ਇਸ ਸਥਿਤੀ ਵਿੱਚ ਸਕੂਲ ਮੁਖੀ ਆਪਣੇ ਸਕੂਲ ਦੇ ਲੈਟਰ ਹੈੱਡ ਅਤੇ ਦਾਖ਼ਲਾ ਖਾਰਜ ਰਜਿਸਟਰ ਦੀ ਕਾਪੀ ਈ-ਮੇਲ ਰਾਹੀਂ ਭੇਜ ਉਪਰੰਤ ਵਿਦਿਆਰਥੀ ਦੀ ਐਂਟਰੀ ਆਪਣੇ ਸਕੂਲ ਵਿੱਚ ਕਰ ਸਕਦੇ ਹਨ। ਜਿਕਰਯੋਗ ਹੈ ਕਿ ਇਸ ਸ਼ੈਸ਼ਨ 'ਚ ਵੱਡੀ ਗਿਣਤੀ 'ਚ ਵਿਦਿਆਰਥੀ ਰਾਜ ਦੇ ਸਰਕਾਰੀ ਸਕੂਲਾਂ 'ਚ ਹੋਰਨਾਂ ਬੋਰਡਾਂ ਨਾਲ ਸਬੰਧਤ ਨਿੱਜੀ ਸਕੂਲਾਂ ਤੋਂ ਹੱਟ ਕੇ, ਦਾਖਲ ਹੋਏ ਹਨ।