ਹਰਿੰਦਰ ਨਿੱਕਾ
ਬਰਨਾਲਾ 20 ਸਤੰਬਰ 2020 - ਕੇਂਦਰ ਦੀ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਬਾਰੇ ਵਿਚਾਰ ਰੱਖਦੇ ਆਮ ਆਦਮੀ ਪਾਰਟੀ ਹਲਕਾ ਬਰਨਾਲਾ ਦੇ ਸੀਨੀਅਰ ਆਗੂ ਐਡਵੋਕੇਟ ਪਰਵਿੰਦਰ ਸਿੰਘ ਝਲੂਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਪਾਸ ਹੋਣਾ ਮੰਦਭਾਗਾ ਹੈ। ਬਿਲ ਪਾਸ ਹੋਣ ਤੋਂ ਬਾਅਦ ਕਿਸਾਨਾਂ ਅੰਦਰ ਭਾਰੀ ਰੋਸ ਫੈਲ ਗਿਆ ਹੈ। ਕਿਸਾਨ ਹੁਣ ਭਾਜਪਾ ਸਰਕਾਰ ਨੂੰ ਸਬਕ ਸਿਖਾਉਣਗੇ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਸੈਕਟਰ ਨੂੰ ਕਾਰਪੋਰੇਟ ਕੰਪਨੀਆਂ ਦੇ ਹੱਥ ਵੇਚਣ ਦੀ ਨੀਂਹ ਰੱਖ ਦਿੱਤੀ ਹੈ ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਾਜ ਸਭਾ ਵਿਚ ਬਹੁਮਤ ਨਾ ਹੋਣ ਦੇ ਬਾਵਜੂਦ ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਪਾਸ ਹੋਣਾ ਹੋਰ ਵੀ ਮੰਦਭਾਗਾ ਹੈ । ਇਹ ਲੋਕਤੰਤਰੀ ਵਿਵਸਥਾ ਤੇ ਵੀ ਸਵਾਲ ਖੜੇ ਕਰਦਾ ਹੈ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇਸ ਭਰ ਵਿਚ ਵਿਰੋਧ ਕਰੇਗੀ । ਉਨਾਂ ਕਿਹਾ ਕਿ ਆਪ ਦੇ ਰਾਜ ਸਭਾ ਮੈਂਬਰਾਂ ਸਾਂਸਦ ਸੰਜੇ ਸਿੰਘ, ਸੁਸ਼ੀਲ ਕੁਮਾਰ ਗੁਪਤਾ, ਨਰਾਇਣ ਦਾਸ ਗੁਪਤਾ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ । ਇਸ ਤੋ ਪਹਿਲਾ ਲੋਕ ਸਭਾ ਵਿਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜ਼ੋਰਦਾਰ ਵਿਰੋਧ ਕੀਤਾ ਗਿਆ।
ਐਡਵੋਕੇਟ ਝਲੂਰ ਨੇ ਕਿਹਾ ਖੇਤੀ ਸੈਕਟਰ ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਰਾਹੀ ਕਾਰਪੋਰੇਟ ਘਰਾਣੇ ਦੇ ਹੱਥ ਦੇਣ ਲਈ, ਖੇਤੀ ਪ੍ਰਧਾਨ ਪੰਜਾਬ ਰਾਜ ਅਤੇ ਕਿਸਾਨਾਂ ਦੇ ਅਧਿਕਾਰਾਂ ਤੇ ਮਾਰੇ ਜਾ ਰਹੇ ਡਾਕੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਾਰਟੀ ਸ੍ਰੀ ਅਰਵਿੰਦ ਕੇਜਰੀਵਾਲ, ਮੈਂਬਰ ਪਾਰਲੀਮੈਂਟ ਸ੍ਰ ਭਗਵੰਤ ਮਾਨ, ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਪੰਜਾਬ, ਵਿਧਾਇਕ ਕੁਲਤਾਰ ਸਿੰਘ ਸੰਧਵਾ (ਕਿਸਾਨ ਵਿੰਗ ) ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮੀਤ ਹੇਅਰ, ਸੀਨੀਅਰ ਕਿਸਾਨ ਆਗੂਆਂ, ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਅਗਲੀ ਰਣਨੀਤੀ ਮੁਤਾਬਿਕ, ਸੰਘਰਸ਼ ਵਿੱਢੇਗੀ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਵਿਚ ਸਾਥ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਭਾਈਵਾਲ ਅਕਾਲੀ ਦਲ(ਬ) ਦੇ ਪ੍ਰਧਾਨ ਤੇ ਸਾਂਸਦ ਸੁਖਬੀਰ ਬਾਦਲ ਅਪਣਾ ਸਟੈਂਡ ਸਪਸ਼ਟ ਕਰਨ ਕੀ ਉਹ ਮੋਦੀ ਸਰਕਾਰ ਵਿਚ ਭਾਈਵਾਲ ਬਣੇ ਰਹਿਣਗੇ ਜਾ ਨਹੀ।