- ਮੋਬਾਇਲ ਖੋਹਣ ਦੀ ਵਾਰਦਾਤ ਦੌਰਾਨ ਹਥਿਆਰਬੰਦ ਲੁਟੇਰਿਆਂ ਨੇ ਕੁਸੁਮ ਦੇ ਗੁੱਟ 'ਤੇ ਮਾਰੀ ਸੀ ਗੰਭੀਰ ਸੱਟ
- ਇੰਡੀਅਨ ਕਾਊਂਸਲ ਫਾਰ ਚਾਈਲਡ ਵੈੱਲਫੇਅਰ ਵੱਲੋਂ ਹਲ ਸਾਲ ਦਿੱਤਾ ਜਾਂਦਾ ਹੈ ਬਹਾਦਰੀ ਲਈ ਰਾਸ਼ਟਰੀ ਐਵਾਰਡ
ਜਲੰਧਰ, 20 ਸਤੰਬਰ 2020 - 15 ਸਾਲਾ ਬਹਾਦਰ ਬੱਚੀ ਕੁਸੁਮ ਦੇ ਹਿੰਮਤ ਭਰੇ ਕਾਰਨਾਮੇ ਨੂੰ ਰਾਸ਼ਟਰੀ ਪੱਧਰ 'ਤੇ ਪਹਿਚਾਨ ਦਿਵਾਉਣ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕੁਸੁਮ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ ਦੇਣ ਲਈ ਨਾਮਜ਼ਦ ਕੀਤਾ ਹੈ। ਇਹ ਐਵਾਰਡ ਹਰ ਸਾਲ ਵਿਸ਼ੇਸ਼ ਬਹਾਦਰੀ ਦਿਖਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਰਾਸ਼ਟਰੀ ਬਾਲ ਕਲਿਆਣ ਕਾਊਂਸਲ ਵੱਲੋਂ ਦਿੱਤਾ ਜਾਂਦਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦਾਖਲ ਹੋਣ ਵਾਲੀਆਂ ਨਾਮਜ਼ਦਗੀਆਂ ਵਿੱਚੋਂ ਕੁਝ ਚੋਣਵੇਂ ਨਾਵਾਂ ਨੂੰ ਕਾਊਂਸਲ ਵੱਲੋਂ ਐਵਾਰਡ ਦੇਣ ਲਈ ਚੁਣਿਆ ਜਾਂਦਾ ਹੈ। ਇਸ ਸਾਲ ਜਲੰਧਰ ਤੋਂ ਇਸ ਐਵਾਰਡ ਲਈ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਕੁਸੁਮ ਦੇ ਨਾਂਅ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨੇ ਲੁੱਟ ਦੀ ਵਾਰਦਾਤ ਨੂੰ ਨਾ ਸਿਰਫ ਅਸਫਲ ਬਣਾਇਆ ਬਲਕਿ ਇਕ ਲੁਟੇਰੇ ਨੂੰ ਕਾਬੂ ਵੀ ਕਰ ਲਿਆ। ਇਸ ਦੌਰਾਨ ਉਸ ਦੇ ਗੁੱਟ 'ਤੇ ਗੰਭੀਰ ਸੱਟ ਵੀ ਲੱਗੀ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਸੁਮ ਹੁਣ ਦੂਜੀਆਂ ਲੜਕੀਆਂ ਲਈ ਵੀ ਆਦਰਸ਼ ਬਣ ਚੁੱਕੀ ਹੈ ਅਤੇ ਉਸ ਦੀ ਬਹਾਦਰੀ ਕੌਮੀ ਪੱਧਰ 'ਤੇ ਪਹਿਚਾਨ ਦੇ ਕਾਬਿਲ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਸੁਮ ਨੂੰ ਮਾਲੀ ਮਦਦ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਪਰ ਹੁਣ ਕੁਸੁਮ ਦੇ ਹੌਸਲੇ ਅਤੇ ਹਿੰਮਤ ਨੂੰ ਕੌਮੀ ਪੱਧਰ 'ਤੇ ਪਹਿਚਾਨ ਦਿਵਾਉਣ ਦਾ ਸਮਾਂ ਹੈ, ਜਿਸ ਤਹਿਤ ਉਸਦੀ ਨਾਮਜ਼ਦਗੀ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਉਸਦਾ ਨਾਂ ਪੰਜਾਬ ਕਾਊਂਸਲ ਫਾਰ ਚਾਈਲਡ ਵੈੱਲਫੇਅਰ ਪਾਸ ਭੇਜਿਆ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਕੁਸੁਮ, ਜੋ ਕਿ ਲਾਲਾ ਜਗਤ ਨਾਰਾਇਣ ਡੀਏਵੀ ਮਾਡਲ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਹੈ, ਨੇ 30 ਅਗਸਤ, 2020 ਨੂੰ ਇਕ ਲੁੱਟ ਦੀ ਵਾਰਦਾਤ ਦਾ ਸਾਹਮਣਾ ਕੀਤਾ ਸੀ, ਜਿਸ ਵਿੱਚ 2 ਬਾਈਕ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਸੀ, ਜੋ ਕਿ ਉਸ ਦੇ ਭਰਾ ਨੇ ਆਨ ਲਾਈਨ ਪੜ੍ਹਾਈ ਲਈ ਦਿੱਤਾ ਸੀ। ਕੁਸੁਮ ਨੇ ਮੋਬਾਇਲ ਦੀ ਲੁੱਟ ਦੀ ਵਾਰਦਾਤ ਨੂੰ ਅਸਫਲ ਕਰ ਦਿੱਤਾ, ਜਿਸ ਦੌਰਾਨ ਲੁਟੇਰਿਆਂ ਨੇ ਉਸ ਦੇ ਗੁੱਟ 'ਤੇ ਗੰਭੀਰ ਸੁੱਟ ਮਾਰੀ। ਇਸ ਦੇ ਬਾਵਜੂਦ ਕੁਸੁਮ ਨੇ ਉਨ੍ਹਾਂ ਵਿੱਚੋਂ ਇਕ ਮੁਲਜ਼ਮ ਨੂੰ ਹੇਠਾਂ ਸੁੱਟ ਦਿੱਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਸੁਮ ਦਾ ਇਹ ਕਾਰਨਾਮਾ ਪਹਿਲਾਂ ਹੀ ਉਸਦੇ ਪਰਿਵਾਰ, ਸਕੂਲ ਅਤੇ ਪੂਰੇ ਸ਼ਹਿਰ ਦਾ ਨਾਂ ਰੌਸ਼ਨ ਕਰ ਚੁੱਕਾ ਹੈ। ਹੁਣ ਰਾਸ਼ਟਰੀ ਐਵਾਰਡ ਲਈ ਨਾਮਜ਼ਦਰੀ ਨਾਲ ਉਸ ਦੀ ਬਹਾਦਰੀ ਨੂੰ ਕੌਮੀ ਪੱਧਰ 'ਤੇ ਪਹਿਚਾਨ ਮਿਲ ਸਕੇਗੀ।