ਕੋਟਕਪੂਰਾ, 19 ਸਤੰਬਰ 2020 - ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ 'ਚ ਭਾਵੇਂ ਇਸ ਵਾਰ ਕੋਰੋਨਾ ਵਾਇਰਸ ਦੀ ਕਰੋਪੀ ਕਾਰਨ ਬਹੁਤ ਸਾਰੇ ਪ੍ਰੋਗਰਾਮ ਰੱਦ ਕਰਨੇ ਪਏ ਪਰ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਧਾਰਮਿਕ ਪ੍ਰੋਗਰਾਮ ਜਿਲੇ ਦੇ ਕਈ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਹੋਣਗੇ। ਇਸੇ ਲੜੀ ਤਹਿਤ ਸਥਾਨਕ ਫਰੀਦਕੋਟ ਸੜਕ 'ਤੇ ਸਥਿੱਤ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ 21 ਸਤੰਬਰ ਨੂੰ ਬਾਬਾ ਫਰੀਦ ਜੀ ਦੀ ਯਾਦ 'ਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿੰਨਾ ਦੇ ਭੋਗ 23 ਸਤੰਬਰ ਦਿਨ ਬੁੱਧਵਾਰ ਨੂੰ ਪਾਏ ਜਾਣਗੇ।
ਕਾਲਜ ਦੇ ਮੈਨੇਜਿੰਗ ਡਾਇਰੈਕਟਰ 'ਡਾ. ਮਨਜੀਤ ਸਿੰਘ ਢਿੱਲੋਂ' ਨੇ ਦੱਸਿਆ ਕਿ ਹਰ ਸਾਲ ਬਾਬਾ ਸ਼ੇਖ ਫਰੀਦ ਜੀ ਦੀ ਯਾਦ 'ਚ ਕਾਲਜ ਵਿਖੇ ਅੰਤਰਰਾਸ਼ਟਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਦੇ ਕਲਾਕਾਰ ਆਪੋ ਆਪਣੇ ਸੂਬਿਆਂ ਦੇ ਸੱਭਿਆਚਾਰ ਦੀਆਂ ਝਲਕੀਆਂ ਦਿਖਾ ਕੇ ਖੂਬ ਮਨੋਰੰਜਨ ਕਰਦੇ ਸਨ ਪਰ ਇਸ ਵਾਰ ਕੋਵਿਡ-19 ਦੀ ਕਰੋਪੀ ਕਾਰਨ ਸਾਰੇ ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਹਨ। ਡਾ. ਢਿੱਲੋਂ ਨੇ ਦੱਸਿਆ ਕਿ 23 ਸਤੰਬਰ ਵਾਲੇ ਦਿਨ 10 ਵਜੇ ਅਖੰਡ ਪਾਠ ਸਾਹਿਬ ਦਾ ਭੋਗ ਪੈਣ ਉਪਰੰਤ ਰਾਗੀ ਜੱਥਿਆਂ ਵਲੋਂ ਇਕ ਘੰਟਾ ਗੁਰਬਾਣੀ-ਕੀਰਤਨ ਕੀਤਾ ਜਾਵੇਗਾ। ਉਨਾ ਦੱਸਿਆ ਕਿ ਉਕਤ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦਿਖਾਉਣ ਲਈ ਬਕਾਇਦਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਲਾਕਾ ਵਾਸੀ ਅਤੇ ਵਿਦਿਆਰਥਣਾ ਆਪੋ ਆਪਣੇ ਮੋਬਾਇਲ ਫੋਨਾਂ ਰਾਹੀਂ ਗੁਰਮਤਿ ਸਮਾਗਮ ਦਾ ਆਨੰਦ ਮਾਣ ਸਕਣ।