ਜੀ ਐਸ ਪੰਨੂ
ਪਟਿਆਲਾ, 18 ਸਤੰਬਰ 2020 - ਕੋਰੋਨਾ ਮਹਾਂਮਾਰੀ 'ਤੇ ਕਾਬੂ ਪਾਉਣ 'ਚ ਬੁਰੀ ਤਰ੍ਹਾਂ ਫੇਲ੍ਹ ਹੋਈ ਪੰਜਾਬ ਸਰਕਾਰ ਦੇ ਸਹਿਯੋਗ ਅਤੇ ਲੋਕਾਂ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ (ਆਪ) ਨੇ ਸ਼ੁਰੂ ਕੀਤੀ ਆਕਸੀਜਨ ਮੁਹਿੰਮ ਦਾ ਅੱਜ ਸ਼ੁੱਕਰਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਸਥਾਨਕ ਅਦਾਲਤ ਬਜ਼ਾਰ ਤੋਂ ਅਮਲੀ ਰੂਪ 'ਚ ਆਗਾਜ਼ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹਰਚੰਦ ਸਿੰਘ ਬਰਸਟ ਅਤੇ ਡਾ. ਬਲਬੀਰ ਨੇ ਦੁਕਾਨ-ਦਰ-ਦੁਕਾਨ ਜਾ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਪੂਰੀ ਸਾਵਧਾਨੀ ਨਾਲ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ ਅਤੇ ਕੋਰੋਨਾ ਤੋਂ ਬਚਾਅ ਲਈ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਸਮਝਾਈ ਨਾਲ-ਨਾਲ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਵਾਲੀ ਸਮੱਗਰੀ ਵੰਡੀ।
ਇਸ ਮੌਕੇ ਉਨ੍ਹਾਂ ਨਾਲ ਚੇਤਨ ਸਿੰਘ ਜੋੜੇਮਾਜਰਾ, ਤੇਜਿੰਦਰ ਸਿੰਘ ਮਹਿਤਾ, ਰਾਜ ਲਾਲੀ ਗਿੱਲ, ਕੁੰਦਨ ਗੋਗੀਆ, ਪ੍ਰੀਤੀ ਮਲਹੋਤਰਾ, ਜੇ.ਪੀ ਸਿੰਘ, ਮੇਘ ਚੰਦ ਸ਼ੇਰਮਾਜਰਾ, ਆਰ.ਪੀ.ਐਸ ਮਲਹੋਤਰਾ, ਵੀਰਪਾਲ ਕੌਰ ਚਾਹਲ, ਗੋਵਿੰਦਰ ਮਿੱਤਲ, ਪਰਮਿੰਦਰ ਭੋਗੂ, ਗੁਰਿੰਦਰ ਸ਼ੈਰਗਿੱਲ ਅਤੇ ਹੋਰ ਆਗੂ ਮੌਜੂਦ ਸਨ।
ਮੀਡੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਬੇਕਾਬੂ ਹੋਈ ਕੋਰੋਨਾ ਮਹਾਂਮਾਰੀ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ-ਨਾਲ ਪਿਛਲੀਆਂ ਸਾਰੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਇਆ।
ਮੀਤ ਹੇਅਰ ਨੇ ਕਿਹਾ ਜੇਕਰ ਅਮਰਿੰਦਰ ਸਰਕਾਰ ਸਮੇਤ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ-ਡਿਸਪੈਂਸਰੀਆਂ ਨੂੰ ਹੋਰ ਬੇਹਤਰ ਬਣਾਉਣ ਦੀ ਥਾਂ ਬਰਬਾਦ ਕਰਕੇ ਪ੍ਰਾਈਵੇਟ ਹੈਲਥ ਮਾਫੀਆ ਪੈਦਾ ਨਾ ਕੀਤਾ ਹੁੰਦਾ ਤਾਂ ਅੱਜ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ 'ਚ ਯਕੀਨ ਵੀ ਰਹਿੰਦਾ ਅਤੇ ਕੋਰੋਨਾ ਨਾਲ ਐਨੀ ਵੱਡੀ ਗਿਣਤੀ 'ਚ ਮੌਤਾਂ ਨਾ ਹੁੰਦੀਆਂ। 'ਆਪ' ਆਗੂ ਨੇ ਦੱਸਿਆ ਕਿ ਮੌਤ ਦੀ 2.9 ਦਰ ਨਾਲ ਪੰਜਾਬ ਦੀ ਹਾਲਤ ਸਾਰੇ ਦੇਸ਼ ਨਾਲੋਂ ਮਾੜੀ ਹੈ
ਕੁਲਵੰਤ ਪੰਡੋਰੀ ਨੇ ਦਿੱਲੀ ਅਤੇ ਪੰਜਾਬ ਦੀ ਤੁਲਨਾ ਕਰਦਿਆਂ ਦੱਸਿਆ ਕਿ ਜਿੱਥੇ ਦਿੱਲੀ 'ਚ ਸਰਕਾਰੀ ਸਿਹਤ ਸੇਵਾਵਾਂ ਲਈ ਕੁੱਲ ਬਜਟ ਦਾ 14 ਫੀਸਦੀ ਖਰਚ ਕੀਤਾ ਜਾਂਦਾ ਹੈ, ਉੱਥੇ ਪੰਜਾਬ 'ਚ ਇਹ 4 ਪ੍ਰਤੀਸ਼ਤ ਘੱਟ ਹੈ। ਇਹੋ ਕਾਰਨ ਕਿ ਦਿੱਲੀ ਦੇ ਸਰਕਾਰੀ ਹਸਪਤਾਲ-ਡਿਸਪੈਂਸਰੀਆਂ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਦਿੰਦੀਆਂ ਹਨ ਅਤੇ ਸਾਡੇ ਇਥੇ (ਪੰਜਾਬ) ਦੇ ਸਰਕਾਰੀ ਹਸਪਤਾਲਾਂ 'ਚ ਨਾ ਲੋੜੀਂਦੀਆਂ ਦਵਾਈਆਂ ਅਤੇ ਨਾ ਡਾਕਟਰ ਅਤੇ ਸਹਾਇਕ ਸਟਾਫ ਹੈ।
ਨਤੀਜਾ ਇਹ ਹੈ ਕਿ ਕੱਲ੍ਹ 17 ਸਤੰਬਰ ਨੂੰ ਦਿੱਲੀ 'ਚ ਪੰਜਾਬ ਨਾਲੋਂ ਕਰੀਬ 10 ਹਜਾਰ ਐਕਟਿਵ ਵੱਧ ਹੋਣ ਦੇ ਮੁਕਾਬਲੇ ਮੌਤਾਂ ਦੀ ਗਿਣਤੀ 38 ਅਤੇ ਪੰਜਾਬ 'ਚ 54 ਸੀ।
ਦਿੱਲੀ 'ਚ ਕੱਲ੍ਹ ਤੱਕ 23 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਸਨ, ਜਦਕਿ ਪੰਜਾਬ ਅਜੇ ਤੱਕ 15 ਲੱਖ ਵੀ ਨਹੀਂ ਕਰ ਸਕਿਆ।
ਦਿੱਲੀ ਦੇ ਹਸਪਤਾਲਾਂ 'ਚ ਕੋਵਿਡ ਬੈਡਾ ਦੀ ਗਿਣਤੀ 14521 ਅਤੇ ਪੰਜਾਬ 'ਚ 8854 ਹੈ। ਦਿੱਲੀ 'ਚ ਵਿਸ਼ੇਸ਼ ਕੋਵਿਡ ਹੈਲਥ ਕੇਅਰ ਸੈਂਟਰਾਂ ਦੀ ਗਿਣਤੀ 594 ਹੈ ਜਦਕਿ ਪੰਜਾਬ 'ਚ ਇਸ ਤਰ੍ਹਾਂ ਦਾ ਇਕ ਵੀ ਸੈਂਟਰ ਸਥਾਪਿਤ ਨਹੀਂ ਕੀਤਾ ਗਿਆ।
ਹਰਚੰਦ ਬਰਸਟ ਅਤੇ ਡਾ. ਬਲਬੀਰ ਨੇ ਮੁੱਖ ਮੰਤਰੀ ਨੂੰ ਫਾਰਮ ਹਾਊਸ ਤੋਂ ਨਿਕਲ ਕੇ ਲੋਕਾਂ ਦਾ ਹਾਲ ਅੱਖੀ ਡਿੱਠਣ ਅਤੇ ਲੋਕਾਂ 'ਚ ਸਰਕਾਰੀ ਹਸਪਤਾਲਾਂ ਪ੍ਰਤੀ ਭਰੋਸਾ ਪੈਦਾ ਕਰਨ ਲਈ ਸਰਕਾਰੀ ਸਿਹਤ ਖੇਤਰ 'ਚ ਜੰਗੀ ਪੱਧਰ 'ਤੇ ਨਿਵੇਸ਼ ਕਰਨ ਦੀ ਮੰਗ ਕੀਤੀ।
'ਆਪ' ਆਗੂਆਂ ਨੇ ਕਿਹਾ ਕਿ 2022 'ਚ ਜੇਕਰ ਲੋਕਾਂ ਨੇ 'ਆਪ' ਦੀ ਸਰਕਾਰ ਲਿਆਂਦੀ ਤਾਂ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਲੋਕਾਂ ਦੀ ਦਿੱਲੀ ਵਾਂਗ ਪ੍ਰਾਈਵੇਟ ਖੇਤਰ 'ਤੇ ਨਿਰਭਰਤਾ ਖਤਮ ਕਰ ਦਿੱਤੀ ਜਾਵੇਗੀ।