ਮਨਿੰਦਰਜੀਤ ਸਿੱਧੂ
ਜੈਤੋ, 18 ਸਤੰਬਰ 2020 - ਪਿਛਲ਼ੇ ਕਈ ਸਾਲਾਂ ਤੋਂ ਜੈਤੋ ਦੇ ਵਾਤਾਵਰਣ ਪ੍ਰੇਮੀਆਂ ਵੱਲੋਂ ਜੈਤੋ ਨੂੰ ਹਰਿਆ-ਭਰਿਆ ਬਨਾਉਣ ਲਈ ਹਜਾਰਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਗਏ ਹਨ। ਵਾਤਾਵਰਣ ਪ੍ਰੇਮੀਆ ਦੁਆਰਾ ਇਹ ਪੌਦੇ ਜੈਤੋ ਤੋਂ ਬਠਿੰਡਾ ਰੋਡ, ਜੈਤੋ ਤੋਂ ਕੋਟਕਪੂਰਾ ਰੋਡ, ਜੈਤੋ ਤੋਂ ਮੁਕਤਸਰ ਰੋਡ ਅਤੇ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਵਿੱਚ ਲਗਾਏ ਗਏ ਹਨ। ਵਾਤਾਵਰਣ ਪ੍ਰੇਮੀਆਂ ਦੀ ਸ਼ਹਿਰ ਨੂੰ ਹਰਿਆ ਭਰਿਆ ਬਨਾਉਣ ਦੀ ਮੁਹਿੰਮ ਨੂੰ ਜਿੱਥੇ ਲੋਕਾਂ ਵੱਲੋਂ ਸਲਾਹਿਆ ਜਾਂਦਾ ਹੈ, ਉੱਥੇ ਹੀ ਕਈ ਸ਼ਰਾਰਤੀ ਅਨਸਰਾਂ ਵੱਲੋਂ ਸਮੇਂ-ਸਮੇਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਲਗਾਏ ਦਰੱਖ਼ਤਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਅੱਜ ਬਠਿੰਡਾ ਰੋਡ ਤੇ ਵਾਟਰ ਵਰਕਸ ਕੋਲ ਸਾਹਮਣੇ ਆਈ ਜਿੱਥੇ ਉੱਦਮ ਕਲੱਬ ਵੱਲੋਂ ਲਗਾਏ ਦਰਖਤਾਂ ਨੂੰ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ। ਵਾਤਾਵਰਣ ਪ੍ਰੁੇਮੀ ਅਤੇ ਉੱਦਮ ਕਲੱਬ ਜੈਤੋ ਦੇ ਪ੍ਰਧਾਨ ਰਿਟਾ. ਇੰਸਪੈਕਟਰ ਫੂਡ ਸਪਲਾਈ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਪੌਦਿਆਂ ਉੱਪਰ ਦੀ ਲੰਘਦੀ ਇੱਕ ਕੇਬਲ ਤਾਰ ਨੂੰ ਹਟਾਉੁਣ ਲੱਗਿਆਂ ਤਾਰ ਹੇਠਾਂ 6 ਦਰੱਖ਼ਤਾਂ ਨੂੰ ਬਹੁਤ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਅਤੇ ਦਰੱਖ਼ਤਾਂ ਦੀ ਸੁਰੱਖਿਆ ਲਈ ਲਗਾਏ ਟ੍ਰੀ-ਗਾਰਡਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਉਹਨਾਂ ਕਿਹਾ ਕਿ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਨਿਰਦਈ ਤਰੀਕੇ ਨਾਲ ਦਰੱਖ਼ਤਾਂ ਦੀ ਪਰਵਾਹ ਨਾ ਕੀਤੇ ਬਿਨ੍ਹਾਂ ਆਪਣੀ ਤਾਰ ਖਿੱਚੀ ਜਿਸ ਨਾਲ ਸਾਡੇ 2 ਸਾਲ ਪੁਰਾਣੇ ਲੱਗੇ ਪੌਦੇ ਜੋ ਹੁਣ ਛਾਂਦਾਰ ਬਣ ਚੁੱਕੇ ਸਨ ਨੂੰ ਤੋੜ ਕੇ ਰੱਖ ਦਿੱਤਾ। ਉਹਨਾਂ ਕਿਹਾ ਕਿ ਬਿਜਲੀ ਕਰਮਚਾਰੀਆਂ ਨੇ ਆਪਣਾ ਕੰਮ ਕਰਨਾ ਹੈ ਅਸੀਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਪਰ ਉਹਨਾਂ ਵੱਲੋਂ ਵੀ ਕੰਮ ਕਰਦੇ ਸਮੇਂ ਇਹ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਉਹਨਾਂ ਦੀ ਵਜ੍ਹਾ ਨਾਲ ਕੋਈ ਦਰੱਖ਼ਤ ਤਾਂ ਨਹੀਂ ਨੁਕਸਾਨਿਆ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਤਾਂ ਖੁਦ ਵਾਤਾਵਰਣ ਨੂੰ ਹਰਿਆ-ਭਰਿਆ ਬਨਾਉਣ ਤੇ ਜੋਰ ਦੇ ਰਹੀ ਹੈ ਪਰ ਸਰਕਾਰ ਦੇ ਮੁਲਾਜ਼ਮ ਦਰੱਖ਼ਤਾਂ ਨੂੰ ਤਬਾਹ ਕਰਨ ਤੇ ਤੁਲੇ ਹਨ।
ਕੀ ਕਹਿੰਦੇ ਹਨ ਐਸ.ਡੀ.ਓ. ਰਜਿੰਦਰ ਸਿੰਘ ?
ਜਦ ਇਸ ਸਬੰਧੀ ਅਸੀਂ ਪੀ.ਐਸ.ਪੀ.ਸੀ.ਐਲ. ਸਬ-ਡਵੀਜ਼ਨ ਦਫ਼ਤਰ ਜੈਤੋ ਦੇ ਐਸ.ਡੀ.ਓ. ਇੰਜ. ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਹਿਲੀ ਗੱਲ ਤਾਂ ਤਾਰਾਂ ਦੇ ਹੇਠਾਂ ਦਰਖਤ ਲਗਾਉਣੇ ਹੀ ਨਹੀਂ ਚਾਹੀਦੇ। ਦੂਜਾ ਸਾਡੇ ਕਰਮਚਾਰੀਆਂ ਦੀ ਦਰਖਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ ਸੀ, ਤਾਰ ਖਿੱਚਦੇ ਸਮੇਂ ਦਰਖਤਾਂ ਦਾ ਨੁਕਸਾਨ ਹੋਇਆ ਹੈ।