ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦੂਜੇ ਦਿਨ ਵੀ ਭੁੱਖ ਹੜਤਾਲ ਜਾਰੀ
ਮਾਨਸਾ, 17 ਸਤੰਬਰ, 2020 : ਅੱਜ ਡੀ.ਸੀ. ਦਫਤਰ ਦੇ ਬਾਹਰ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮਾਨਸਾ ਵਿਖੇ ਸਮੁੱਚੇ ਮੁਲਾਜ਼ਮ ਵਰਗ ਵੱਲੋਂ ਦੂਜੇ ਦਿਨ ਵੀ ਕੰਨਵੀਨਰ ਰਾਜ ਕੁਮਾਰ ਰੰਗਾਂ ਦੀ ਪ੍ਰਧਾਨਗੀ ਹੇਠ ਭੁੱਖ ਹੜਤਾਲ ਜਾਰੀ ਰੱਖੀ ਗਈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕਾਂਗਰਸ ਮੈਨੀਫੈਸਟੋ ਅਤੇ ਜਨਤਕ ਸਟੇਜਾਂ ਤੋਂ ਵਾਅਦੇ ਕੀਤੇ ਸਨ ਕਿ ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣਗੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਡੀ.ਏ ਦੀਆਂ ਕਿਸ਼ਤਾਂ ਸੱਤਾ ਤੇ ਬੈਠਣ ਦੇ ਇੱਕ ਮਹੀਨੇ ਦੇ ਇੱਕ ਮਹੀਨੇ ਅੰਦਰ ਦੇ ਕੇ ਉਸਦਾ ਬਕਾਇਆ ਦਿੱਤੀ ਜਾਵੇਗਾ, ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ। ਪਰ ਇਹ ਮਸਲੇ ਹੱਲ ਕਰਨ ਦੀ ਬਜਾਏ ਸਗੋਂ ਮੁਲਾਜ਼ਮਾਂ ‘ਤੇ 2400/- ਰੁਪਏ ਸਲਾਨਾ ਜ਼ਜ਼ੀਆ ਟੈਕਸ ਲਾ ਦਿੱਤਾ, ਪਹਿਲਾਂ ਮਿਲਦਾ ਮੋਬਾਇਲ ਭੱਤਾ ਅੱਧਾ ਕਰ ਦਿੱਤਾ ਅਤੇ ਨਵ ਨਿਯੁਕਤ ਮੁਲਾਜ਼ਮਾਂ ‘ਤੇ ਕੇਦਰੀ ਸਕੇਲ ਲਾਗੂ ਕਰ ਦਿੱਤੇ। ਪੇਅ ਕਮਿਸ਼ਨ ਦੇਣ ਦੀ ਬਜਾਏ ਕੇਂਦਰ ਦੇ ਮੁਲਾਜ਼ਮਾਂ ਦਾ ਸੱਤਵਾਂ ਪੇਅ ਕਮਿਸ਼ਨ ਪੰਜਾਬ ਦੇ ਮੁਲਾਜ਼ਮ ‘ਤੇ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਜਿਸ ਨਾਲ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਕੈਚੀ ਫੇਰਨ ਦੀ ਤਿਆਰੀ ਖਿੱਚ ਲਈ ਹੈ, ਜਿਸ ਕਰਕੇ ਮੁਲਾਜਮਾਂ ਅੰਦਰ ਭਾਰੀ ਗੁੱਸਾ ਤੇ ਬੇਚੈਨੀ ਪਾਈ ਜਾ ਰਹੀ ਹੈ। ਪੰਜਾਬ ਦੇ ਮੁਲਾਜ਼ਮ 16 ਸਤੰਬਰ ਤੋਂ 30 ਸਤੰਬਰ ਤੱਕ ਲੜੀਵਾਰ ਭੁੱਖ ਹੜਤਾਲ ਜਾਰੀ ਰੱਖਣਗੇ। ਜੇਕਰ ਸਰਕਾਰ ਨੇ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਵੱਲੋਂ 19 ਅਕਤੂਬਰ ਤੋਂ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਅੱਜ ਭੁੱਖ ਹੜਤਾਲ ਵਿੱਚ ਬੈਠਣ ਵਾਲਿਆਂ ਵਿੱਚ ਜਗਦੀਸ਼ ਰਾਏ, ਲਕਸਵੀਰ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਗੁਰਨਾਮ ਸਿੰਘ ਕੋਟਲੀ, ਕਰਨਪਾਲ, ਬਲਵਿੰਦਰ ਸਿੰਘ ਪ੍ਰਧਾਨ ਨਹਿਰੀ ਵਿਭਾਗ, ਬੀਰਾ ਸਿੰਘ, ਪਵਨ ਕੁਮਾਰ, ਕਰਤਾਰ ਸਿੰਘ ਬਿਜਲੀ ਬੋਰਡ, ਜਗਸੀਰ ਸਿੰਘ, ਮਹਿੰਦਰ ਸਿੰਘ, ਹਰੀ ਸਿੰਘ, ਸੋਮ ਬਹਾਦਰ, ਸੱਤਦੇਵ ਬਿਜਲੀ ਬੋਰਡ ਸ਼ਾਮਲ ਸਨ।