ਸੁਖਮੰਦਰ ਹਿੰਮਤਪੁਰੀ
- ਪਹਿਲਾਂ ਵਾਲੇ ਦੋ ਦੋਸ਼ੀਆਂ ਦੀ ਪਛਾਣ ਲਈ ਰੱਖੀਆਂ 50 ਹਜ਼ਾਰ ਦਾ ਇਨਾਮ
ਨਿਹਾਲ ਸਿੰਘ ਵਾਲਾ, 15 ਅਗਸਤ, 2020 - ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੇ ਗਿੱਲ ਵਿਖੇ ਆਜ਼ਾਦੀ ਦਿਹਾੜੇ 'ਤੇ ਪੰਚਾਇਤ ਘਰ 'ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖ਼ਾਲਿਸਤਾਨ ਦਾ ਝੰਡਾ ਲਾਏ ਜਾਣ ਦੀ ਖ਼ਬਰ ਹੈ। ਪੁਲਿਸ ਤੇ ਪੰਚਾਇਤ ਨੇ ਖ਼ਾਲਿਸਤਾਨ ਦਾ ਝੰਡਾ ਉੱਥੋਂ ਉਤਾਰ ਦਿੱਤਾ ਹੈ। ਇਸ ਤੋਂ ਇਲਾਵਾ ਮੋਗਾ 'ਚ ਹੀ ਕੁਝ ਕਾਰਾਂ 'ਤੇ ਵੀ ਖ਼ਾਲਿਸਤਾਨ ਲਿਖਿਆ ਦੇਖਿਆ ਗਿਆ ਹੈ।
ਇਸ ਤੋਂ ਪਹਿਲਾਂ ਕੱਲ੍ਹ ਮੋਗੇ ਦੇ ਡੀ ਸੀ ਦਫ਼ਤਰ 'ਤੇ ਖਾਲਿਸਤਾਨੀ ਝੰਡਾ ਲਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਥਾਂ-ਥਾਂ 'ਤੇ ਨਾਕੇ ਲਗਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਰੁਪੇ ਇਨਾਮ ਦਿੱਤੇ ਜਾਣ ਦਾ ਐਲਾਨ ਵੀ ਪੁਲਿਸ ਵੱਲੋਂ ਕੀਤਾ ਗਿਆ ਹੈ।
ਅੱਜ ਜਿੱਥੇ ਸਾਰਾ ਮੋਗਾ ਪ੍ਰਸ਼ਾਸਨ ਆਜ਼ਾਦੀ ਦਿਵਸ ਮਨਾਉਣ 'ਚ ਮਸਰੂਫ਼ ਸੀ, ਉੱਥੇ ਹੀ ਕੁਝ ਅਣਪਛਾਤੇ ਵਿਅਕਤੀਆਂ ਨੇ ਕੇਸਰੀ ਰੰਗ ਦਾ ਖ਼ਾਲਿਸਤਾਨ ਝੰਡਾ ਮਾਣੂਕੇ ਗਿੱਲ ਪੰਚਾਇਤ ਘਰ 'ਤੇ ਲਾ ਦਿੱਤਾ।
ਤੁਰੰਤ ਪੁਲਿਸ ਹਰਕਤ 'ਚ ਆਈ ਤੇ ਝੰਡੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਖ਼ਾਲਿਸਤਾਨ ਝੰਡਾ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਜਦੋਂ ਉਨ੍ਹਾਂ ਨੂੰ ਝੰਡਾ ਕੇਸਰੀ ਰੰਗ ਹੋਣ ਦਾ ਕਿਹਾ ਤਾਂ ਉਨ੍ਹਾਂ ਜਾਂਚ ਕਰਨ ਦਾ ਆਖ ਕੇ ਪੱਲਾ ਝਾੜ ਲਿਆ।
ਚੇਤੇ ਰਹੇ ਕਿ ਸਿੱਖਸ ਫਾਰ ਜਸਟਿਸ ਦੇ ਲੀਗਲ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਖਾਲਿਸਤਾਨੀ ਝੰਡਾ ਝੁਲਾਉਣ ਵਾਲੇ ਨੂੰ 2500 ਡਾਲਰ ਦੇਣ ਦਾ ਐਲਾਨ ਕੀਤਾ ਹੋਇਆ ਹੈ .