ਮਨਿੰਦਰਜੀਤ ਸਿੱਧੂ
- ਅਜਾਦੀ ਸਿਰਫ ਮੁੱਠੀ ਭਰ ਲੋਕਾਂ ਤੱਕ ਹੀ ਸੀਮਿਤ
ਜੈਤੋ, 15 ਅਗਸਤ 2020 - ਜੈਤੋ ਸ਼ਹਿਰ ਦੀਆਂ ਇਹ ਤਸਵੀਰਾਂ ਉਸ ਅਖੌਤੀ ਅਜਾਦੀ ਦਾ ਮੂੰਹ ਚਿੜ੍ਹਾਉਂਦੀਆਂ ਹਨ ਜਿਸ ਬਾਰੇ ਪਿਛਲੇ 74 ਸਾਲਾਂ ਤੋਂ ਹਰ ਸਾਲ 15 ਅਗਸਤ ਵਾਲੇ ਦਿਨ ਵੱਡੇ ਵੱਡੇ ਭਾਸ਼ਣਾਂ ਵਾਲੇ ਪ੍ਰੋਗਰਾਮ ਕੀਤੇ ਜਾਂਦੇ ਹਨ।ਅਜਾਦੀ ਦਿਹਾੜੇ ਵਾਲੇ ਦਿਨ ਕੂੜੇ ਦੇ ਢੇਰ ਵਿੱਚੋਂ ਰੋਜੀ ਰੋਟੀ ਦਾ ਜੁਗਾੜ ਕਰਦੇ ਇਸ ਬੱਚੇ ਨਾਲ ਗੱਲ ਕੀਤੀ ਅਤੇ ਉਸ ਕੋਲੋਂ ਪੁੱਛਿਆ ਕਿ ਕੀ ਤੈਨੂੰ ਪਤਾ ਹੈ ਕਿ ਅੱਜ ਅਜਾਦੀ ਦਿਹਾੜਾ ਹੈ ਤਾਂ ਉਸਦਾ ਜਵਾਬ ਸੀ ਕਿ ‘ਉਹ’ ਕੀ ਹੁੰਦੀ ਹੈ।ਉਸ ਦਾ ਇਹ ਸਾਧਾਰਨ ਜਿਹਾ ਜਵਾਬ ਜਿੱਥੇ ਹਰ ਸੰਵੇਦਨਸ਼ੀਲ ਵਿਅਕਤੀ ਦੀ ਆਤਮਾ ਨੂੰ ਝੰਜੋੜਦਾ ਹੈ ਉੱਥੇ ਇਸ ਕਥਨ ਨੂੰ ਵੀ ਸੱਚ ਸਾਬਿਤ ਕਰਦਾ ਹੈ ਕਿ ਅਜੇ ਅਸਲ ਅਜਾਦੀ ਨਹੀਂ ਆਈ, ਸਿਰਫ ਸੱਤਾ ਦਾ ਹੀ ਪਰਿਵਰਤਨ ਹੋਇਆ ਹੈ।ਭਾਰਤ ਮਹਾਨ ਦਾ ਰਾਜ ਪ੍ਰਬੰਧ ਗੋਰੇ ਅੰਗਰੇਜ਼ਾਂ ਦੇ ਹੱਥੋਂ ਕਾਲੇ ਅੰਗਰੇਜ਼ਾਂ ਦੇ ਹੱਥਾਂ ਵਿੱਚ ਤਬਦੀਲ ਹੋਇਆ ਹੈ। ਕਿੰਨੀ ਤਰਾਸਦੀ ਦੀ ਗੱਲ ਹੈ ਕਿ ਜਿੱਥੇ 74 ਸਾਲ ਪਹਿਲਾਂ ਅਜਾਦ ਹੋਏ ਅਤੇ ਡਿਜੀਟਲ ਬਣ ਰਹੇ ਮੁਲਖ ਦੇ ਬਾਲਕਾਂ ਨੂੰ ਗਰੀਬੀ ਅਤੇ ਗੁਰਬਤ ਦੇ ਚਲਦਿਆਂ ਅਜਾਦੀ ਸ਼ਬਦ ਬਾਰੇ ਹੀ ਨਹੀਂ ਪਤਾ।ਕੀ ਸਾਡੇ ਸ਼ਹੀਦਾਂ ਅਤੇ ਦੇਸ਼ ਭਗਤਾਂ ਨੇ ਅਜਿਹੀ ਦੀ ਅਜਾਦੀ ਦੀ ਕਲਪਨਾ ਕਰਦਿਆਂ ਫਾਂਸੀ ਦੇ ਰੱਸੇ ਚੁੰਮੇ ਸਨ? ਅੱਜ ਵੀ ਮੁੱਠੀ ਭਰ ਲੋਕ ਅਰਬਾਂ ਲੋਕਾਂ ਉੱਪਰ ਰਾਜ ਕਰ ਰਹੇ ਹਨ ਅਤੇ ਦੇਸ਼ ਦਾ ਖਜਾਨਾ ਲੁੱਟ ਰਹੇ ਹਨ।ਦੇਸ਼ ਦੇ ਮੁੱਠੀ ਭਰ ਸਰਮਾਏਦਾਰ ਅਤੇ ਰਾਜਸੀ ਲੋਕਾਂ ਦਾ ਜਿੱਥੇ ਮੁਲਖ ਦੇ 95 ਪ੍ਰਤੀਸ਼ਤ ਤੋਂ ਵੱਧ ਸਰਮਾਏ ਉੱਪਰ ਕਬਜਾ ਹੈ ਉੱਥੇ ਕਰੋੜਾਂ ਬੱਚੇ ਹਰ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ, ਕਰੋੜਾਂ ਲੋਕਾਂ ਨੂੰ ਹਰ ਰੋਜ ਭਰ ਪੇਟ ਖਾਣ ਯੋਗ ਭੋਜਨ ਨਸੀਬ ਨਹੀਂ ਹੁੰਦਾ ਅਤੇ ਕਰੋੜਾਂ ਲੋਕ ਹੀ ਹਰ ਵਰ੍ਹੇ ਢੁੱਕਵੇਂ ਇਲਾਜ ਖੁਣੋਂ ਦਮ ਤੋੜ ਜਾਂਦੇ ਹਨ।ਸਮੇਂ ਦੀਆਂ ਸਰਕਾਰਾਂ ਦਾ ਸਰਮਾਏਦਾਰ ਲੋਕਾਂ ਦਾ ਝੋਲੀ ਚੁੱਕ ਬਣ ਜਾਣਾ ਅਤੇ ਉਹਨਾਂ ਦੀਆਂ ਲੋੜਾਂ ਅਨੁਸਾਰ ਨੀਤੀਆਂ ਨੂੰ ਘੜਨਾ ਅਤੇ ਲਾਗੂ ਕਰਨਾ ਦੇਸ਼ ਦੀ ਬਹੁਤ ਗਿਣਤੀ ਗਰੀਬ ਅਤੇ ਲਿਤਾੜੀ ਜਨਤਾ ਦੀ ਹਾਲਤ ਨੂੰ ਹੋਰ ਵਿਗਾੜ ਰਿਹਾ ਹੈ।ਨਿੱਜੀ ਘਰਾਣਿਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਦੀ ਮਨਸ਼ਾ ਨਾਲ ਸਰਕਾਰ ਵੱਲੋਂ ਅੰਨੇਵਾਹ ਕੀਤਾ ਜਾ ਰਿਹਾ ਪਬਲਿਕ ਸੈਕਟਰ ਕਾਰੋਬਾਰਾਂ ਦਾ ਕਤਲ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਹਾਲਤ ਹੋਰ ਬਦਤਰ ਕਰੇਗਾ।ਅਜਾਦੀ ਸਿਰਫ ਕੁੱਝ ਗਿਣੇ ਚੁਣੇ ਲੋਕਾਂ ਦੀ ਰਖੈਲ ਬਣ ਕੇ ਰਹਿ ਜਾਵੇਗੀ।