ਹਰਿੰਦਰ ਨਿੱਕਾ
- ਬਰਨਾਲਾ ਸ਼ਹਿਰ ਨੂੰ ਨੋ ਫਲਾਈ ਜ਼ੋਨ ਵੀ ਐਲਾਨਿਆ
ਬਰਨਾਲਾ, 14 ਅਗਸਤ 2020 - ਆਜ਼ਾਦੀ ਦਿਹਾੜੇ ਨੂੰ ਸ਼ਾਂਤੀਪੂਰਵਕ ਮਨਾਉਣ ਲਈ 15 ਅਗਸਤ ਨੂੰ ਡਰਾਈ ਡੇਅ ਐਲਾਨਿਆ ਗਿਆ ਹੈ। ਇਸ ਸਬੰਧੀ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 15 ਅਗਸਤ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਡਰਾਈ ਡੇਅ ਐਲਾਨਿਆ ਗਿਆ ਹੈ। ਉਪਰੋਕਤ ਪਾਬੰਦੀ ਦੌਰਾਨ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜ਼ੀ), ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ ਬਾਰ, ਅਹਾਤੇ, ਜਿਥੇ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ ਜਾਂ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ/ਪਿਲਾਉਣ ਅਤੇ ਸਟੋਰ ਕਰਨ ਉੱਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਸ ਹੁਕਮ ਨੂੰ ਪੂਰਨ ਤੌਰ ’ਤੇ ਲਾਗੂ ਕਰਾਉਣ ਲਈ ਸਹਾਇਕ ਆਬਕਾਰੀ ਤੇ ਕਰ ਬਰਨਾਲਾ ਜਿੰਮੇਵਾਰ ਹੋਣਗੇ।
ਇਸੇ ਤਰ੍ਹਾਂ 15 ਅਗਸਤ ਨੂੰ ਸ਼੍ਰੀਮਤੀ ਰਜ਼ੀਆ ਸੁਲਤਾਨਾ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਲਈ ਵੀ ਆਈ ਪੀ ਦੀ ਸੁਰੱਖਿਆ ਦੇ ਮੱਦੇਨਜ਼ਰ 15 ਅਗਸਤ ਨੂੰ ਬਰਨਾਲਾ ਸ਼ਹਿਰ ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਬਰਨਾਲਾ ਇਸ ਹੁਕਮ ਦੀ ਸਖਤੀ ਨਾਲ ਇੰਨ-ਬਿੰਨ ਪਾਲਣਾ ਕਰਵਾਉਣ ਲਈ ਜਿੰਮੇਵਾਰ ਹੋਣਗੇ।