ਰਾਜਵੰਤ ਸਿੰਘ
- ਨਜਾਇਜ਼ ਕਬਜ਼ਾਧਾਰੀਆਂ ’ਤੇ ਕਾਰਵਾਈ ਕਰਨ ਦੀ ਬਜਾਏ ਮੇਰੇ ’ਤੇ ਪਰਚਾ ਦਰਜ ਕੀਤਾ ਗਿਆ - ਸਾਬਕਾ ਸਰਪੰਚ ਹੁਕਮਜੀਤ
ਸ੍ਰੀ ਮੁਕਤਸਰ ਸਾਹਿਬ, 14 ਅਗਸਤ 2020 - ਪੰਚਾਇਤ ਲੋਕ ਨਿਰਮਾਣ ਮੰਡਲ ਵੱਲੋਂ ਪਿੰਡ ਚੱਕ ਮੋਤਲੇਵਾਲਾ ਦੇ ਸਰਪੰਚ ’ਤੇ ਕਰੀਬ ਸਾਢੇ 22 ਲੱਖ ਰੁਪਏ ਦੁਰਵਰਤੋਂ ਕਰਨ ਦੇ ਸਬੰਧੀ ਥਾਣਾ ਬਰੀਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੰਚਾਇਤ ਲੋਕ ਨਿਰਮਾਣ ਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਕਾਰਜਕਾਰੀ ਇੰਜਨੀਅਰ ਰਾਜੇਸ਼ ਕੁਮਾਰ ਗਰੋਵਰ ਨੇ ਕਿਹਾ ਕਿ ਪਿੰਡ ਦੇ ਕੀਤੇ ਗਏ ਕੰਮਾਂ ਵਿੱਚ 22 ਲੱਖ 65 ਹਜ਼ਾਰ 855 ਰੁਪਏ ਦਾ ਗਬਨ ਕੀਤਾ ਗਿਆ ਹੈ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਵੱਲੋ ਲਿਖੇ ਪੱਤਰ ਵਿੱਚ ਪਿੰਡ ਚੱਕ ਮੋਤਲੇਵਾਲਾ ਦੇ ਸਾਬਕਾ ਸਰਪੰਚ ਹੁਕਮਜੀਤ ਸਿੰਘ ਵੱਲੋਂ ਕਰਵਾਏ ਗਏ ਕੰਮਾਂ ਦੀ ਪੜਤਾਲ ਉਸਦੀ ਹਾਜ਼ਰੀ ਵਿੱਚ ਕਰਨ ਸਬੰਧੀ ਕਿਹਾ ਗਿਆ, ਜਿਸ ਸਬੰਧ ਵਿੱਚ ਉਪ ਮੰਡਲ ਅਫ਼ਸਰ ਵੱਲੋਂ 20 ਨਵੰਬਰ 2019 ਨੂੰ ਪਿੰਡ ਵਿੱਚ ਜਾ ਕੇ ਸਾਬਕਾ ਸਰਪੰਚ ਹੁਕਮਜੀਤ ਸਿੰਘ ਵੱਲੋਂ ਕਰਵਾਏ ਗਏ ਕੰਮਾਂ ਸਮਸ਼ਾਨਘਾਟ ਤੇ ਕਬਰਿਸਤਾਨ ਦੀ ਮਿਣਤੀ ਸਾਬਕਾ ਸਰਪੰਚ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਦੌਰਾਨ ਸਮਸ਼ਾਨਘਾਟ ਦੇ ਸ਼ੈਡ ਦੀਆਂ ਨੀਂਹਾਂ, ਜੋ ਪਹਿਲਾਂ ਮਿਣਤੀ ਵਿੱਚ ਨਹੀਂ ਲਈਆਂ ਗਈਆਂ ਸਨ, ਜਿੰਨ੍ਹਾਂ ਦੀ ਅਸੈਸਮੈਂਟ ਰਕਮ 13650 ਰੁਪਏ ਬਣਦੀ ਹੈ, ਨੂੰ ਸਰਪੰਚ ਦੇ ਵੱਲ ਪਹਿਲਾਂ ਵਸੂਲਣ ਯੋਗ ਰਕਮ 22 ਲੱਖ 79 ਹਜ਼ਾਰ 505 ਰੁਪਏ ਵਿੱਚੋਂ ਘਟਾਇਆ ਗਿਆ ਅਤੇ ਸਰਪੰਚ ਵੱਲ 22 ਲੱਖ 65 ਹਜ਼ਾਰ 855 ਰੁਪਏ ਵਸੂਲਣਯੋਗ ਰਕਮ ਬਣਦੀ ਹੈ।
ਸਾਬਕਾ ਸਰਪੰਚ ਹੁਕਮਜੀਤ ਸਿੰਘ ਵੱਲੋਂ ਬਾਕੀ ਰਹਿੰਦੇ ਕੰਮਾਂ ਦੀ ਮਿਣਤੀ ਆਪਣੀ ਹਾਜ਼ਰੀ ਵਿੱਚ ਕਰਾਉਣ ਲਈ ਸਬੰਧਿਤ ਦਫ਼ਤਰ ਨੂੰ ਬੇਨਤੀ ਕੀਤੀ ਗਈ ਸੀ, ਜਿਸ ਸਬੰਧ ਵਿੱਚ ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਵੱਲੋਂ 1 ਜਨਵਰੀ 2020 ਨੂੰ ਸਰਪੰਚ, ਪੰਚਾਇਤ ਸਕੱਤਰ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਹਾਜ਼ਰ ਰਹਿਣ ਲਈ ਲਿਖਿਆ ਗਿਆ ਸੀ। 1 ਜਨਵਰੀ 2020 ਨੂੰ ਜਦ ਉਪ ਮੰਡਲ ਅਫ਼ਸਰ ਅਤੇ ਬਿਆਨਕਰਤਾ, ਇਕਬਾਲ ਸਿੰਘ ਏਈ, ਵਰਿੰਦਰਪਾਲ ਸਿੰਘ ਜੇਈ, ਵਿਜੇਪਾਲ ਸਿੰਘ ਪੰਚਾਇਤ ਸਕੱਤਰ ਮੌਕੇ ’ਤੇ ਗਏ ਤਾਂ ਸਾਬਕਾ ਸਰਪੰਚ ਹਾਜ਼ਰ ਨਹੀਂ ਹੋਇਆ। ਇਸ ਤੋਂ ਇਲਾਵਾ ਸਾਬਕਾ ਸਰਪੰਚ ਵੱਲੋਂ 2013 ਤੋਂ 2018 ਤੱਕ ਪ੍ਰਾਪਤ ਹੋਏ 15 ਲੱਖ 43 ਹਜ਼ਾਰ 551 ਰੁਪਏ ਵਿੱਚੋਂ 13 ਲੱਖ 50 ਰੁਪਏ ਸਿਵਲ ਵਾਸਤੇ ਖ਼ਰਚ ਕੀਤੇ ਦਿਖਾਏ ਗਏ ਹਨ ਅਤੇ ਬੈਂਕ ਖ਼ਾਤੇ ਵਿੱਚ 2 ਲੱਖ 42 ਹਜ਼ਾਰ 764 ਰੁਪਏ ਜਮ੍ਹਾ ਹਨ। ਕਈ ਕੰਮਾਂ ਦਾ ਕੋਈ ਰਿਕਾਰਡ, ਅਸਟੀਮੇਟ, ਐਮਬੀ ਲਾਗ ਬੁੱਕ ਆਦਿ ਪੇਸ਼ ਨਹੀਂ ਕੀਤਾ ਗਿਆ, ਜਿਸ ਤੋਂ ਇੰਝ ਲੱਗ ਰਿਹਾ ਹੈ ਕਿ ਖ਼ਰਚ ਸਰਕਾਰ ਦੇ ਰੂਲਾਂ ਅਨੁਸਾਰ ਸਹੀ ਨਹੀਂ ਹੈ।
ਇਸ ਮਾਮਲੇ ਵਿੱਚ ਦਫ਼ਤਰੀ ਰਿਪੋਰਟ ਤੋਂ ਬਾਅਦ ਜ਼ਿਲ੍ਹਾ ਅਟਾਰਨੀ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਰਿਪੋਰਟ ਦਿੱਤੀ ਗਈ, ਜਿਸਦੀ ਜਾਂਚ ਉਪਰੰਤ ਇਹ ਪਾਇਆ ਗਿਆ ਕਿ ਸਾਬਕਾ ਸਰਪੰਚ ਵੱਲੋਂ ਵਰਤੇ ਗਏ 22 ਲੱਖ 65 ਹਜ਼ਾਰ 855 ਰੁਪਏ ਦੀ ਦੁਰਵਰਤੋਂ ਅਤੇ ਗਬਨ ਕੀਤਾ ਗਿਆ ਹੈ। ਪੁਲਸ ਨੇ ਜਾਂਚ ਉਪਰੰਤ ਸਾਬਕਾ ਸਰਪੰਚ ਹੁਕਮਜੀਤ ਸਿੰਘ ’ਤੇ ਆਈਪੀਸੀ ਦੀ ਧਾਰਾ 409 ਅਤੇ ਭਿ੍ਰਸ਼ਟਾਚਾਰ ਰੋਕੂ ਐਕਟ ਦੀ ਧਾਰਾ 13 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਧਰ ਜਦੋਂ ਇਸ ਮਾਮਲੇ ਵਿੱਚ ਸਾਬਕਾ ਸਰਪੰਚ ਹੁਕਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਗਬਨ ਨਹੀਂ ਕੀਤਾ। ਉਹ ਪਿੰਡ ਦੇ ਉਨ੍ਹਾਂ ਲੋਕਾਂ ਵਿਰੁੱਧ ਲੜਾਈ ਲੜ ਰਹੇ ਸਨ, ਜੋ ਸੱਤਾਧਾਰੀ ਧਿਰ ਨਾਲ ਸਬੰਧਿਤ ਹਨ, ਪਰ ਉਨ੍ਹਾਂ ਨੇ ਪੰਚਾਇਤੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਪੰਚਾਇਤ ਦੇ ਹੱਕ ਵਿੱਚ ਫੈਸਲੇ ਹੋਣ ਦੇ ਬਾਵਜੂਦ ਵੀ ਇੰਨ੍ਹਾਂ ਲੋਕਾਂ ਤੋਂ ਵਿਭਾਗ ਨੇ ਜ਼ਮੀਨ ਨਹੀਂ ਛੁਡਵਾਈ ਬਲਕਿ ਉਲਟਾ ਉਸ ’ਤੇ ਹੀ ਮਾਮਲਾ ਦਰਜ ਕਰ ਦਿੱਤਾ ਗਿਆ। ਹੁਕਮਜੀਤ ਅਨੁਸਾਰ ਉਹ ਇਸ ਤਰ੍ਹਾਂ ਦੇ ਝੂਠੇ ਮਾਮਲਿਆਂ ਸਬੰਧੀ ਡੀਜੀਪੀ ਨੂੰ ਪਹਿਲਾਂ ਹੀ ਪੱਤਰ ਲਿਖ ਚੁੱਕੇ ਹਨ।