ਅਸ਼ੋਕ ਵਰਮਾ
ਮਾਨਸਾ, 13 ਅਗਸਤ 2020 - ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੇ ਗੀਤ ਮੁਕਾਬਲੇ ਦੇ ਮਿਡਲ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਭਾ ਬੁਰਜ ਢਿੱਲਵਾਂ ਮਾਨਸਾ ਦੇ ਛੇਵੀਂ ਕਲਾਸ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਪੁੱਤਰ ਨੈਬ ਸਿੰਘ ਨੇ ਜਿਲਾ ਮਾਨਸਾ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਸਕੂਲ ਦੇ ਪਿ੍ਰੰਸੀਪਲ ਅਵਤਾਰ ਸਿੰਘ ਨੇ ਜਸ਼ਨਦੀਪ ਸਿੰਘ ਅਤੇ ਉਸ ਦੇ ਮਾਤਾ ਪਿਤਾ ਅਤੇ ਸਕੂਲ ਦੇ ਗਾਈਡ ਅਧਿਆਪਕ ਬਲਦੇਵ ਸਿੰਘ,ਸ੍ਰੀਮਤੀ ਰਾਣੀ ਭੱਟੀ ਅਤੇ ਸੁਮਨਜੀਤ ਸਿੰਘ ਬਰਾੜ ਅਤੇ ਸਮੂਹ ਸਟਾਫ ਨੂੰ ਮੁਬਾਰਕਾਂ ਦਿੱਤੀ। ਉਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਬਾਵਜੂਦ ਵਿਭਾਗ ਵੱਲੋਂ ਘਰ ਬੈਠੇ ਸਕੂਲੀ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਕਰਨ ਦੇ ਮਕਸਦ ਨਾਲ ਜੋ ਉਪਰਾਲਾ ਕੀਤਾ ਹੈ ਬਹੁਤ ਸ਼ਲਾਘਾਯੋਗ ਹੈ।
ਉਨ੍ਹਾਂ ਆਖਿਆ ਕਿ ਇਸ ਤੋਂ ਬਾਅਦ ਹੋਣ ਵਾਲੇ ਮੁਕਾਬਲੇ ਜਿਵੇਂ ਕਵਿਤਾ ਉਚਾਰਨ, ਸੰਗੀਤ ਸਾਜ ਵਾਦਨ, ਭਾਸ਼ਣ, ਸੁੰਦਰ ਲਿਖਾਈ, ਪੇਂਟਿੰਗ, ਪੀ ਪੀ ਟੀ ਮੁਕਾਬਲਾ ਆਦਿ ਵਿੱਚ ਭਾਗ ਲੈ ਕੇ ਹੋਰ ਵੀ ਅੱਗੇ ਵਧਣ ਦਾ ਯਤਨ ਕਰਨਾ ਚਾਹੀਦਾ ਹੈ।ਦੂਜੇ ਪਾਸੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਆਲਮਪੁਰ ਮੰਦਰਾਂ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਗੀਤਾ ਰਾਣੀ ਪੁੱਤਰੀ ਗੁਲਾਬ ਸਿੰਘ ਨੇ ਬਲਾਕ ਬੁਢਲਾਡਾ ਵਿਚੋਂ ਗੀਤ ਗਾਇਨ ਮੁਕਾਬਲੇ ਚੋਂ ਦੂਜਾ ਸਥਾਨ ਪ੍ਰਾਪਤ ਕੀਤਾ।ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਡਿਪਟੀ ਡੀਈਓ ਜਗਰੂਪ ਭਾਰਤੀ, ਪਿ੍ਰੰਸੀਪਲ ਡਾ ਬੂਟਾ ਸਿੰਘ ਸੇਖੋਂ,ਜ਼ਿਲਾ ਨੋਡਲ ਅਫਸਰ ਨਰਿੰਦਰ ਸਿੰਘ ਮੋਹਲ ਅਤੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਜੇਤੂ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।