ਇਸ ਤਰ੍ਹਾਂ ਲਿਫਾਫਿਆਂ ਵਿੱਚ ਭਰ ਕੇ ਨਾਜਾਇਜ਼ ਸ਼ਰਾਬ ਸਪਲਾਈ ਕਰਦੇ ਹਨ ਬਲੈਕੀਏ
ਜਗਦੀਸ਼ ਥਿੰਦ
ਜਲਾਲਾਬਾਦ, ਫਾਜ਼ਿਲਕਾ, 10 ਅਗਸਤ
ਸੋਮਵਾਰ ਦੀ ਸਵੇਰ ਪੁਲਿਸ ਵਿਭਾਗ ਨੇ ਇਕ ਵੱਡੀ ਕਾਰਵਾਈ ਕਰਦਿਆਂ ਜ਼ਿਲੇ ਦੇ ਪਿੰਡ ਮਹਾਲਮ ਵਿਚ ਰੇਡ ਕੀਤੀ ਅਤੇ ਇੱਥੇ ਵੱਖ ਵੱਖ ਥਾਂਵਾਂ ਤੇ ਲੁਕਾ ਕੇ ਰੱਖੀ ਲਗਭਗ 1200 ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਮੌਕੇ ਐਕਸਾਈਜ ਵਿਭਾਗ ਦੀ ਟੀਮ ਵੀ ਉਨਾਂ ਦੇ ਨਾਲ ਸੀ।
ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ: ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਜ਼ਿਲੇ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਅਤੇ ਵਿਭਾਗ ਦੀ ਟੀਮ ਇੱਕਠੀ ਹੋਈ ਅਤੇ ਇਸ ਤੋਂ ਬਾਅਦ ਦਿਨ ਚੜਦੇ ਨਾਲ ਪਿੰਡ ਮਹਾਲਮ ਵਿਚ ਤਲਾਸੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਲੋਕਾਂ ਦੇ ਘਰਾਂ ਦੇ ਨਾਲ ਨਾਲ ਪਿੰਡ ਦੀਆਂ ਸਾਂਝੀਆਂ ਥਾਂਵਾਂ ਤੋਂ ਵੀ ਲਾਹਣ ਬਰਾਮਦ ਹੋਈ। ਇਸ ਮੌਕੇ ਲੋਕਾਂ ਦੇ ਘਰਾਂ ਤੋਂ 1200 ਲੀਟਰ ਲਾਹਣ ਅਤੇ 70 ਲੀਟਰ ਨਜਾਇਜ ਸ਼ਰਾਬ ਬਰਾਮਦ ਹੋਈ। ਇਸ ਸਬੰਧੀ 3 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਐਕਸਾਈਜ ਵਿਭਾਗ ਦੇ ਇੰਸਪੈਕਟਰ ਜੈਸਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਿਨਾਂ 5300 ਲੀਟਰ ਲਾਹਣ ਹੋਰ ਸਾਂਝੀਆਂ ਥਾਂਵਾਂ ਤੋਂ ਵੀ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ।
ਇਸ ਤੋਂ ਬਿਨਾਂ ਬੀਤੇ 24 ਘੰਟਿਆਂ ਦੌਰਾਨ ਥਾਣਾ ਸਦਰ ਜਲਾਲਾਬਾਦ ਅਤੇ ਥਾਣਾ ਸਦਰ ਅਬੋਹਰ ਵਿਖੇ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿਚ 4 ਮੁਕਦਮੇ ਦਰਜ ਕੀਤੇ ਗਏ ਹਨ। ਇੰਨਾਂ ਕੇਸਾਂ ਵਿਚ 2 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ ਬਾਕੀਆਂ ਦੀ ਭਾਲ ਜਾਰੀ ਹੈ। ਦੋਸ਼ੀਆਂ ਕੋਲੋਂ 250 ਨਸ਼ੀਲੀਆਂ ਗੋਲੀਆਂ, 15 ਲੀਟਰ ਲਾਹਨ ਤੇ 44 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਬਾਰੇ ਐਸ.ਐਸ. ਪੀ. ਸ: ਹਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜਰ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਨਜਰ ਆਉਂਦਾ ਹੈ ਤਾਂ ਉਹ ਨੇੜੇ ਦੇ ਥਾਣੇ ਵਿਚ ਸੂਚਨਾ ਦੇਵੇ ਤਾਂ ਜ਼ੋ ਦੋਸ਼ੀਆਂ ਖਿਲਾਫ ਕਾਰਵਾਈ ਆਰੰਭੀ ਜਾ ਸਕੇ, ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।