- ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਜੇਤੂਆਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਵਧਾਈ
- ਦੂਜਾ ਇਨਾਮ ਦਿੱਲੀ ਪਬਲਿਕ ਸਕੂਲ 'ਚ ਪੜ੍ਹਦੀ ਵਿਨੀਤਾ ਬਿੰਬੜਾ ਅਤੇ ਐਸ.ਐਨ.ਏ.ਐਸ. ਸੀਨੀਅਰ ਸੈਕੰਡਰੀ ਸਕੂਲ (ਆਰਿਆ) ਦੇ ਸ਼ੇਖ ਬਹਾਦਰ ਨੇ ਜਿੱਤਿਆ ਤੀਜਾ ਇਨਾਮ
ਫ਼ਤਹਿਗੜ੍ਹ ਸਾਹਿਬ, 8 ਅਗਸਤ 2020 - ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ 'ਤੇ 'ਅੰਬੈਸਡਰਜ਼ ਆਫ਼ ਹੋਪ' ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨਣ ਮਗਰੋਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ 'ਚੋਂ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁਕਾਬਲੇ 'ਚ ਅੱਵਲ ਰਹਿਣ 'ਤੇ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ 'ਚ ਹੋਰ ਤਰੱਕੀਆਂ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਲੋੜ ਪੈਣ 'ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ 'ਚੋਂ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਮੁਕਾਬਲੇ 'ਚ ਲਾਜਵਾਬ ਪੇਸ਼ਕਾਰੀਆਂ ਭੇਜੀਆਂ ਗਈਆਂ ਸਨ ਜਿਸ ਕਾਰਨ ਜੇਤੂਆਂ ਦੀ ਚੋਣ ਲਈ ਸਾਨੂੰ ਬਹੁਤ ਬਾਰੀਕੀ ਨਾਲ ਵੀਡੀਓਜ਼ ਨੂੰ ਵਾਰ-ਵਾਰ ਵੇਖਣਾ ਪਿਆ।
ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ 'ਅੰਬੈਸਡਰਜ਼ ਆਫ਼ ਹੋਪ' ਨਾਂ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਭਰ 'ਚੋਂ ਭਰਪੂਰ ਹੁੰਗਾਰਾ ਮਿਲਿਆ ਸੀ। ਆਪਣੀ ਤਰ੍ਹਾਂ ਦੇ ਇਸ ਪਹਿਲੇ ਮੁਕਾਬਲੇ 'ਚ ਸਿਰਫ਼ ਅੱਠ ਦਿਨਾਂ 'ਚ ਸੂਬੇ 'ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਹੁਣ ਸ਼੍ਰੀ ਸਿੰਗਲਾ ਵੱਲੋਂ ਇਸ ਮੁਕਾਬਲੇ 'ਚ ਹਰ ਜ਼ਿਲ੍ਹੇ 'ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ 'ਚੋਂ ਇਸ ਮੁਕਾਬਲੇ ਲਈ 5,319 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨ੍ਹਾਂ 'ਚੋਂ ਸਰਕਾਰੀ ਗਰਲਜ਼ ਸਮਾਰਟ ਸਕੂਲ ਮੰਡੀ ਗੋਬਿੰਦਗੜ੍ਹ 'ਚ ਦਸਵੀਂ ਕਲਾਸ 'ਚ ਪੜ੍ਹਦੀ ਜਸ਼ਨ ਨੇ ਪਹਿਲਾ ਸਥਾਨ ਹਾਸਿਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ ਜਦਕਿ ਦਿੱਲੀ ਪਬਲਿਕ ਸਕੂਲ 'ਚ ਪੰਜਵੀਂ ਕਲਾਸ 'ਚ ਪੜ੍ਹਦੀ ਵਿਨੀਤਾ ਬਿੰਬੜਾ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਹੈ। ਇਸਦੇ ਨਾਲ ਹੀ ਐਸ.ਐਨ.ਏ.ਐਸ. ਸੀਨੀਅਰ ਸੈਕੰਡਰੀ ਸਕੂਲ (ਆਰਿਆ) ਮੰਡੀ ਗੋਬਿੰਦਗੜ੍ਹ 'ਚ 12ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਸ਼ੇਖ ਬਹਾਦਰ ਨੇ ਤੀਸਰੇ ਸਥਾਨ 'ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ।
ਪਹਿਲੇ ਸਥਾਨ 'ਤੇ ਰਹਿਣ ਵਾਲੀ ਜਸ਼ਨ ਦੇ ਮਾਪਿਆਂ ਨੇ ਦੱਸਿਆ ਕਿ ਮੁਕਾਬਲੇ 'ਚ ਆਪਣੀ ਐਂਟਰੀ ਭੇਜਣ ਮੌਕੇ ਹੀ ਬਹੁਤ ਆਸਵੰਦ ਸਨ ਕਿ ਉਨ੍ਹਾਂ ਦੀ ਧੀ ਮੁਕਾਬਲੇ 'ਚ ਜਿੱਤ ਜ਼ਰੂਰ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਜਸ਼ਨ ਦਾ ਸਾਰੇ ਜ਼ਿਲ੍ਹੇ 'ਚੋਂ ਅੱਵਲ ਆਉਣਾ ਸਾਰੇ ਪਰਿਵਾਰ ਤੇ ਸਕੂਲ ਅਧਿਆਪਕਾਂ ਲਈ ਮਾਣ ਵਾਲੀ ਗੱਲ ਹੈ।
ਦੂਜੇ ਸਥਾਨ 'ਤੇ ਆਉਣ ਵਾਲੀ ਵਿਨੀਤਾ ਦੇ ਮਾਪਿਆਂ ਨੇ ਕਿਹਾ ਕਿ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਚੰਗੇ ਪਾਸੇ ਲਾਉਣ ਲਈ ਉਹ ਕੈਬਨਿਟ ਮੰਤਰੀ ਦਾ ਧੰਨਵਾਦ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਲਈ ਉਹ ਹਮੇਸ਼ਾ ਚੰਗੀਆਂ ਨੀਤੀਆਂ ਲਿਆਉਂਦੇ ਰਹਿਣਗੇ।
ਇਸੇ ਤਰ੍ਹਾਂ ਸ਼ੇਖ ਬਹਾਦਰ ਨੇ ਦੱਸਿਆ ਕਿ ਭਵਿੱਖ 'ਚ ਉਹ ਡਾਂਸਰ ਬਣਨਾ ਚਾਹੁੰਦਾ ਹੈ ਅਤੇ ਪੂਰੇ ਜ਼ਿਲ੍ਹੇ 'ਚ ਤੀਸਰੇ ਨੰਬਰ 'ਤੇ ਆਉਣ ਉਸ ਲਈ ਬੜੇ ਮਾਣ ਵਾਲੀ ਗੱਲ ਹੈ। ਉਸਨੇ ਕਿਹਾ ਕਿ ਹੁਣ ਉਹ ਮੁੰਬਈ ਜਾ ਕੇ ਆਪਣਾ ਡਾਂਸਰ ਬਣਨ ਦਾ ਸੁਪਨਾ ਪੂਰਾ ਕਰੇਗਾ ਅਤੇ ਇਸ ਮੁਕਾਬਲੇ 'ਚ ਮਿਲੀ ਜਿੱਤ ਨਾਲ ਉਸਦਾ ਹੌਸਲਾ ਬਹੁਤ ਵਧਿਆ ਹੈ।