ਜੀ ਐਸ ਪੰਨੂ
ਪਟਿਆਲਾ, 8 ਅਗਸਤ 2020 - ਪਟਿਆਲਾ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸ ਪੁਰ ਸਾਹਿਬ ਤੋਂ ਪੁਰਾਤਨ ਸਰੂਪ ਗੁਆਚਣ ਦੇ ਮਾਮਲੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਜਿਸ ਕਰਕੇ ਪਟਿਆਲਾ ਵਿੱਚ ਧਰਨੇ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪ੍ਰਧਾਨ ਐਸ ਜੀ ਪੀ ਸੀ ਨੇ ਐਸ ਐਸ ਪੀ ਪਟਿਆਲਾ ਦੇ ਦਫ਼ਤਰ ਦੇ ਸਾਹਮਣੇ 51 ਮੈਬਰਾਂ ਦਾ ਜੱਥਾ ਲੈ ਕੇ ਧਰਨਾ ਦਿੱਤਾ ਤੇ ਕਿਹਾ ਕਿ ਸੌ ਸਾਲਾ ਸਫਰੀ ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਸਿੱਖ ਸੰਗਤਾਂ ਦੇ ਮਨਾਂ ਤੇ ਵੱਡੀ ਠੇਸ ਲੱਗੀ ਹੈ ਪਰ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਕੋਈ ਵੀ ਗੱਲਬਾਤ ਅਜੇ ਤੱਕ ਜਾਂਚ ਲਈ ਸਾਹਮਣੇ ਨਹੀਂ ਲਿਆਂਦੀ।
ਲੌਂਗੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਹਲਕਾ ਹੈ ਬਲਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਇਸ ਕਾਰਵਾਈ ਨੂੰ ਜਲਦੀ ਤੋਂ ਲੋਕਾਂ ਸਾਹਮਣੇ ਨਸ਼ਰ ਕਰਦੇ ਅਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਲਈ ਕਾਨੂੰਨੀ ਕਟਹਿਰੇ ਵਿੱਚ ਵੀ ਲਿਆਉਂਦੇ। ਐੱਸ ਜੀ ਪੀ ਸੀ ਦੇ ਰਿਕਾਰਡ ਵਿੱਚੋਂ ਦੋ ਸੌ ਸਤਾਹਠ ਸਰੂਪਾਂ ਦੇ ਮਾਮਲੇ ਦੀ ਸਵਾਲ ਦੇ ਉੱਤਰ ਵਿੱਚ ਲੌਂਗੋਵਾਲ ਨੇ ਕਿਹਾ ਕਿ ਐੱਸ ਪੀ ਜੀ ਸੀ ਦੇ ਰਿਕਾਰਡ ਦਾ ਮਾਮਲਾ ਹੈ ਇਸ ਛਾਣਬੀਣ ਲਈ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਜਲਦੀ ਇਸ ਮਾਮਲੇ ਦੀ ਕਾਰਵਾਈ ਸੁਲਝ ਕੇ ਸਾਹਮਣੇ ਲਿਆਂਦੀ ਜਾਵੇਗੀ। ਸੁਖਦੇਵ ਸਿੰਘ ਢੀਂਡਸਾ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਮਸਤੂਆਣਾ ਸਾਹਿਬ ਤੋਂ ਪੰਜਾਬ ਦੀ ਰਾਜਨੀਤੀ ਚਲਾ ਰਹੇ ਹਨ ਗੋਲਕ ਤੇ ਬੈਠੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈ ਸੁਖਦੇਵ ਸਿੰਘ ਢੀਂਡਸਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਉਹ ਮੇਰੇ ਇਲਾਕੇ ਦੇ ਹਨ ਉਥੋਂ ਦੇ ਲੋਕ ਨੂੰ ਪਤਾ ਹੈ ਕਿ ਢੀਂਡਸਾ ਦਾ ਰਾਜਨੀਤੀ ਵਿੱਚ ਕੀ ਲੋਕ ਆਧਾਰ ਹੈ ?
ਲੌਂਗੋਵਾਲ ਨੇ ਕਿਹਾ ਕਿ ਮਾੜੀ ਗੱਲ ਹੈ ਕਿ ਸਰਕਾਰ ਨੇ ਏਨੇ ਗੰਭੀਰ ਮਸਲੇ ਪ੍ਰਤੀ ਚੁੱਪ ਧਾਰੀ ਹੋਈ ਹੈ ਜਦੋਂ ਮਸਲਾ ਵੀ ਮੁੱਖ ਮੰਤਰੀ ਦੇ ਸ਼ਹਿਰ ਦਾ ਹੈ। ਐਸ ਜੀ ਪੀ ਸੀ ਵਲੋਂ ਤਨਖਾਹ ਨਾ ਦੇਣ ਦੇ ਮਾਮਲੇ ਵਿੱਚ ਕਿਹਾ ਕਿ ਉਹ ਇਸ ਸਬੰਧੀ ਫੈਸਲਾ ਕਰਨਗੇ ਕਿਉਂਕਿ ਇਹ ਦਿਕਤਾਂ ਸਾਰੇ ਹੀ ਆ ਰਹੀਆਂ ਹਨ। ਆਸਾਮ ਦੇ ਸਿੱਖਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਥੇ ਬਹੁਤ ਥੋੜੇ ਸਿੱਖ 600 ਦੇ ਕਰੀਬ ਹਨ ਉਨ੍ਹਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਹੈ ਇਸ ਸੰਸਥਾ ਉਨ੍ਹਾਂ ਨੂੰ ਆਪਣੇ ਖਰਚੇ 'ਤੇ ਲੈ ਆਵੇਗੀ। ਮੈਂਨੇਜਮੈਂਟ ਐਕਟ ਬਾਰੇ ਆਪਣੇ ਪਿੰਡ ਦੀ ਮਿਸ਼ਾਲ ਦਿੰਦਿਆਂ ਕਿਹਾ ਕਿ ਇਸ ਦੀ ਦੁਰਵਰਤੋਂ ਹੋ ਰਹੀ ਹੈ ਜਿਸ ਨਾਲ ਨੌਜਵਾਨਾਂ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ ਅਜਿਹੇ ਵਿਚ ਲੋਕ ਆਪ ਮੁਹਾਰੇ ਨਾ ਹੋ ਜਾਣ ਸਰਕਾਰ ਨੂੰ ਨਜ਼ਰਸਾਨੀ ਕਰਨ ਦੀ ਲੋੜ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਾਜਿੰਦਰ ਸਿੰਘ ਮਹਿਤਾ, ਗੁਰਬਖਸ਼ ਸਿੰਘ ਖਾਲਸਾ, ਹਰਿੰਦਰ ਸਿੰਘ ਧਾਮੀ ਅਤੇ ਕੁਲਦੀਪ ਕੌਰ ਟੌਹੜਾ ਦੀ ਸ਼ਮੂਲੀਅਤ ਵਾਲੇ ਵਫਦ ਦੀ ਅਗਵਾਈ ਕਰਦਿਆਂ ਐਸ ਐਸ ਪੀ ਦਫਤਰ ਨੂੰ ਮੰਗ ਪੱਤਰ ਵੀ ਦਿੱਤਾ ਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਫੜਿਆ ਜਾਵੇ। ਭਾਈ ਲੌਂਗੋਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਸ ਘਨੌਣੇ ਅਪਰਾਧ ਨੂੰ ਆਮ ਵਾਂਗ ਲੈਣ ਅਤੇ ਦੋਸ਼ੀਆਂ ਨੂੰ ਕਾਬੂ ਨਾ ਕਰਨ ਕਾਰਨ ਹੀ ਸ਼੍ਰੋਮਣੀ ਕਮੇਟੀ ਧਰਨਾ ਦੇਣ ਲਈ ਮਜਬੂਰ ਹੋਈ ਹੈ ।
ਇਸ ਤੋਂ ਪਹਿਲਾਂ ਧਰਨੇ ਵਾਲੀ ਥਾਂ ਸੰਗਤ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਤੇ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਅਤੇ ਇਲਾਕੇ ਦੇ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਰੋਹ ਪ੍ਰਗਟ ਕੀਤਾ ਕਿ ਉਹਨਾਂ ਨੇ ਨਾ ਤਾਂ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਨਾ ਹੀ ਉਹ ਸੰਗਤ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਗੁਰਦੁਆਰਾ ਅਰਦਾਸਪੁਰਾ ਸਾਹਿਬ ਗਏ ਹਨ। ਸੀਨੀਅਰ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਸਿੱਟਾ ਨਾ ਕੱਢਿਆ ਤਾਂ ਫਿਰ ਸ਼੍ਰੋਮਣੀ ਕਮੇਟੀ ਅਗਲੇਰੀ ਕਾਰਵਾਈ ਦਾ 18 ਅਗਸਤ ਨੂੰ ਐਲਾਨ ਕਰੇਗੀ। ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ, ਮੈਂਬਰਾਂ ਤੇ ਸੰਗਤ ਦਾ ਧੰਨਵਾਦ ਕੀਤਾ ਜਿਹਨਾਂ ਨੇ ਕੇਸ ਵਿਚ ਨਿਆਂ ਹਾਸਲ ਕਰਨ ਦੇ ਸ਼੍ਰੋਮਣੀ ਕਮੇਟੀ ਦੇ ਯਤਨਾਂ ਦੀ ਹਮਾਇਤ ਕੀਤੀ।