ਅਸ਼ੋਕ ਵਰਮਾ
ਬਠਿੰਡਾ, 8 ਅਗਸਤ 2020 - ਬਠਿੰਡਾ-ਭੁੱਚੋ ਹਾਈਵੇ ਰੋਡ 'ਤੇ ਅੱਜ ਇੱਕ ਸੜਕ ਹਾਦਸੇ ਦੌਰਾਨ ਪਿਉ-ਧੀ ਦੀ ਮੌਤ ਹੋ ਗਈ। ਇਹ ਹਾਦਸਾ ਪਿਕਅੱਪ ਡਾਲੇ ਅਤੇ ਮੋਟਰਸਾਈਕਲ ਵਿਚਕਾਰ ਹੋਇਆ ਥਾਣਾ ਕੈਂਟ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਵੇਰਵਿਆਂ ਮੁਤਾਬਿਕ ਪਿੰਡ ਮਹਿਮਾ ਭਗਵਾਨਾ ਵਾਸੀ ਕਾਲਾ ਸਿੰਘ (54) ਪੁੱਤਰ ਗੁਲਾਬ ਸਿੰਘ ਤੇ ਅਮਨਦੀਪ ਕੌਰ (17) ਪੁੱਤਰੀ ਕਾਲਾ ਸਿੰਘ ਜੋ ਪਿੰਡ ਲਹਿਰਾ ਬੇਗਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਕੇ ਵਾਪਿਸ ਮਹਿਮਾ ਭਗਵਾਨਾ ਜਾ ਰਹੇ ਸਨ ਇਸੇ ਦੌਰਾਨ ਜਦੋਂ ਉਹ ਮੋਟਰਸਾਈਕਲ 'ਤੇ ਥਾਣਾ ਕੈਂਟ ਕੋਲ ਪੁੱਜੇ ਤਾਂ ਇੱਕ ਪਿਕਅੱਪ ਡਾਲਾ ਉਨ੍ਹਾਂ ਦੇ ਮੋਟਰਸਾਈਕਲ 'ਚ ਵੱਜਿਆ ਜਿਸਦੇ ਸਿੱਟੇ ਵਜੋਂ ਪਿਉ-ਧੀ ਬੁਰੀ ਤਰ੍ਹਾਂ ਕੁਚਲੇ ਗਏ ਹਾਦਸੇ ਦਾ ਪਤਾ ਲੱਗਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਵੈਲਫੇਅਰ ਦੇ ਵਲੰਟੀਅਰ ਅਤੇ ਥਾਣਾ ਕੈਂਟ ਦੀ ਪੁਲਿਸ ਮੌਕੇ 'ਤੇ ਪੁੱਜੀ ਪੁਲਿਸ ਕਾਰਵਾਈ ਮਗਰੋਂ ਸਹਾਰਾ ਟੀਮ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਪਹੁੰਚਾ ਦਿੱਤਾ ਥਾਣਾ ਕੈਂਟ ਦੀ ਪੁਲਿਸ ਨੇ ਹਾਦਸੇ ਦੀ ਜਾਂਚ ਆਰੰਭ ਦਿੱਤੀ ਹੈ।
ਇਸ ਤੋਂ ਇਲਾਵਾ ਇੱਕ ਹੋਰ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਉਸਦੀ ਪਤਨੀ ਜ਼ਖਮੀ ਹੋ ਗਈ ਥਾਣਾ ਸਦਰ ਬਠਿੰਡਾ 'ਚ ਗੁਰਪ੍ਰੀਤ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਹੈਬੂਆਣਾ ਜ਼ਿਲ੍ਹਾ ਸਿਰਸਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਪਿਤਾ ਅਤੇ ਮਾਤਾ ਮੋਟਰਸਾਈਕਲ ਰਾਹੀਂ ਬਠਿੰਡਾ ਆ ਰਹੇ ਸੀ ਤਾਂ ਪਿੰਡ ਰੋਮਾਣਾ ਕੋਲ ਹਰਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਧੋਬੀਆਣਾ ਨਗਰ ਬਠਿੰਡਾ ਨੇ ਆਪਣਾ ਟਰੱਕ ਮੋਟਰਸਾਈਕਲ 'ਚ ਮਾਰਿਆ ਇਸ ਹਾਦਸੇ 'ਚ ਸ਼ਿਕਾਇਤਕਰਤਾ ਦੇ ਪਿਤਾ ਰਘੁਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਉਸਦੀ ਮਾਤਾ ਦੇ ਕਾਫੀ ਸੱਟਾਂ ਲੱਗੀਆਂ ਜੋ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਹੈ ਥਾਣਾ ਸਦਰ ਬਠਿੰਡਾ ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਹਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜਮਾਨਤ 'ਤੇ ਰਿਹਾਅ ਕਰ ਦਿੱਤਾ।