ਮਨਿੰਦਰਜੀਤ ਸਿੱਧੂ
ਜੈਤੋ, 8 ਅਗਸਤ 2020 - ਪੀ. ਐਸ.ਯੂ ਸ਼ਹੀਦ ਰੰਧਾਵਾ ਦੇ ਆਗੂ ਗਗਨਦੀਪ ਦਬੜੀਖਾਨਾ ਅਤੇ ਰਵਿੰਦਰ ਸੇਵੇਵਾਲਾ ਨੇ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ਨੇ ਯੂਨੀਵਰਸਿਟੀ ਅਥਾਰਟੀ ਤੋਂ ਦਲਿਤ ਵਿਦਿਆਰਥੀਆਂ ਤੋਂ ਪੀ. ਟੀ. ਏ ਫੰਡ ਵਸੂਲਣ ਦਾ ਕੀਤਾ ਫ਼ੈਸਲਾ ਵਾਪਸ ਲੈਣ,ਪ੍ਰਾਸਪੈਕਟ ਦੀਆਂ ਕੀਮਤਾਂ ਘੱਟ ਕਰਨ ,ਦਾਖਲਾ ਲੈਣ ਦੀ ਆਖਰੀ ਤਰੀਕ 'ਚ ਵਾਧਾ ਕਰਵਾਉਣ, ਯੂਨੀਵਰਸਿਟੀ ਕਾਲਜਾਂ ਦਾ ਫੰਡ ਕਾਲਜਾਂ ਨੂੰ ਵਾਪਸ ਕਰਵਾਉਣ, ਸਰਕਾਰ ਵੱਲੋਂ ਕਾਂਸਟੀਚੁਐਂਟ ਕਾਲਜਾਂ ਤੇ ਖ਼ਰਚਣ ਲਈ ਦਿੱਤੀ ਜਾਂਦੀ ਸਰਕਾਰੀ ਗ੍ਰਾਂਟ ਨੂੰ ਪਾਰਦਰਸ਼ੀ ਢੰਗ ਨਾਲ ਕਾਲਜਾਂ ਤੇ ਖਰਚਣ ਦੀ ਮੰਗ ਕਰ ਰਹੀਆਂ ਸਨ।
ਲਗਭਗ ਦੋ ਹਫਤਿਆਂ ਦੇ ਸੰਘਰਸ਼ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਨੂੰ ਦਲਿਤ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦਾ ਫ਼ੈਸਲਾ ਵਾਪਸ ਲੈਣਾ ਪਿਆ ਤੇ ਦਾਖਲਿਆਂ ਦੀ ਆਖਰੀ ਤਰੀਕ ‘ਚ ਵਾਧਾ ਕਰਨਾ ਪਿਆ। ਆਗੂਆਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਲਾਮਬੰਦੀ ਦੀਆਂ ਸੀਮਤਾਈਆਂ ਦੇ ਬਾਵਜੂਦ ਇਹ ਅਹਿਮ ਪ੍ਰਾਪਤੀ ਹੈ । ਕਰੋਨਾ ਦੀ ਆੜ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਸਿੱਖਿਆ ਦੇ ਨਿੱਜੀਕਰਨ ਦੀ ਦਿਸ਼ਾ ਵਿੱਚ ਵਡੇਰੀਆਂ ਪੁਲਾਂਘਾਂ ਭਰੀਆਂ ਹਨ ਨਾਲ ਹੀ ਸੰਘਰਸ਼ਾਂ ਉਪਰ ਰੋਕਾਂ ਦੇ ਕਦਮ ਲਏ ਹਨ ਅਜਿਹੇ ਵਿੱਚ ਕੇਵਲ ਜਥੇਬੰਦ ਵਿਦਿਆਰਥੀ ਤਾਕਤ ਹੀ ਹਕੂਮਤੀ ਮਨਸੂਬਿਆਂ ਅੱਗੇ ਬੰਨ੍ਹ ਬਣ ਸਕਦੀ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਇਸ ਅੰਸ਼ਕ ਜਿੱਤ ਤੋਂ ਪ੍ਰੇਰਨਾ ਲੈਂਦਿਆਂ ਆਪਣੀ ਇਕਜੁੱਟ ਵਿਦਿਆਰਥੀ ਤਾਕਤ ਦੀ ਉਸਾਰੀ ਕਰੋ ਤੇ ਰਹਿੰਦੀਆਂ ਮੰਗਾਂ ਦੇ ਹੱਲ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੋ । ਇਸ ਮੌਕੇ ਜਸਵੀਰ ਸਿੰਘ ਜੱਸੀ ਮੱਤਾ ,ਗੁਰਵਿੰਦਰ ਬਹਿਬਲ , ਲਵਪ੍ਰੀਤ ਬਹਿਬਲ , ਸਹਿਜਪ੍ਰੀਤ ਚੰਦਭਾਨ , ਸੁਖਜਿੰਦਰ ਚੰਦਭਾਨ, ਪ੍ਰਿੰਸ ਕੋਟਲੀ , ਹਰਭਗਵਾਨ ਕੋਟਲੀ , ਬਲਤੇਜ ਕੋਟਲੀ , ਪ੍ਰਗਟ ਕੋਟਲੀ , ਜਸਵੀਰ ਮੱਤਾ ਅਤੇ ਹਰਦੀਪ ਨਹੀਆਂ ਵਾਲਾ ਆਦਿ ਵਿਦਿਆਰਥੀ ਸ਼ਾਮਿਲ ਹੋਏ।