ਭਾਵਨਾ ਗੁਪਤਾ, ਗੈਸਟ ਰਿਪੋਰਟਰ
- ਸੁਖਬੀਰ ਬਾਦਲ ਨੇ 18 ਅਗਸਤ ਤਕ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦਾ ਦਿੱਤਾ ਅਲਟੀਮੇਟਮ
- 18 ਅਗਸਤ ਤਕ ਹਰ ਰੋਜ਼ 51 ਸਿੰਘਾਂ ਦਾ ਜੱਥਾ ਧਰਨੇ ਤੇ ਬੈਠਿਆ ਕਰੇਗਾ
ਪਟਿਆਲਾ, 7 ਅਗਸਤ 2020- ਜ਼ਿਲ੍ਹਾ ਪਟਿਆਲਾ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਸ੍ਰੀ ਅਰਦਾਸਪੁਰ ਸਾਹਿਬ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਜਿਨ੍ਹਾਂ ਵਿੱਚ ਇੱਕ 100 ਸਾਲ ਪੁਰਾਣਾ ਸਰੂਪ ਵੀ ਹੈ। ਉਨ੍ਹਾਂ ਦੀ ਵਾਪਸੀ ਲਈ ਐੱਸ.ਐੱਸ.ਪੀ ਦਫ਼ਤਰ ਮਿੰਨੀ ਸਕੱਤਰੇਤ ਪਟਿਆਲਾ ਸਾਹਮਣੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਤੋਂ ਮੰਗ ਕੀਤੀ ਗਈ ਹੈ ਕਿ 18 ਅਗਸਤ ਤਕ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ 51 ਸਿੰਘਾਂ ਦਾ ਜੱਥਾ ਅੱਜ ਤੋਂ 18 ਅਗਸਤ ਤਕ ਹਰ ਰੋਜ਼ 11 ਵਜੇ ਤੋਂ 1 ਵਜੇ ਤੱਕ ਧਰਨੇ 'ਤੇ ਬੈਠਦੇ ਰਹਿਣਗੇ। ਜੇਕਰ 18 ਤੱਕ ਦੋਸ਼ੀ ਗਿਰਫ਼ਤਾਰ ਨਾ ਕੀਤੇ ਗਏ ਤਾਂ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹਰਪਾਲ ਜੁਨੇਜਾ ਪ੍ਰਧਾਨ ਜ਼ਿਲ੍ਹਾ ਪਟਿਆਲਾ ਸ਼ਹਿਰੀ, ਮੁੱਖ ਸੇਵਾਦਾਰ ਪਟਿਆਲਾ ਸ਼ਹਿਰੀ ਅਤੇ ਸਮੂਚੀ ਸੀਨੀਅਰ ਲੀਡਰਸ਼ਿਪ ਹਾਜਰ ਸੀ। ਇਨ੍ਹਾਂ ਪਾਵਨ ਸਰੂਪਾਂ ਨੂੰ ਚੋਰੀ ਹੋਏ 2 ਹਫ਼ਤੇ ਬੀਤ ਚੁੱਕੇ ਹਨ ਪਰ ਕਾਂਗਰਸ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਸੰਗਤ ਨੂੰ ਧਰਨੇ ਲਈ ਮਜਬੂਰ ਕਰ ਦਿੱਤਾ ਹੈ।