ਗੁਰ ਰੰਧਾਵਾ
- ਜ਼ਿਲ੍ਹੇ'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 72 ਤੋਂ ਵੱਧ
- ਪੁਲਿਸ ਨੇ ਸ਼ਰਾਬ ਤਸਕਰਾਂ ਨੂੰ ਪਾਈਆਂ ਭਾਜੜਾਂ, ਕਈ ਗ੍ਰਿਫਤਾਰ ਕਈ ਫਰਾਰ
ਤਰਨਤਾਰਨ, 2 ਅਗਸਤ 2020 - ਜ਼ਿਲ੍ਹੇ ਵਿਚ ਜਿੱਥੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਸੰਖਿਆ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉੱਥੇ ਪੁਲਿਸ ਵੀ ਪੂਰੀ ਤਰ੍ਹਾਂ ਹਰਕਤ ਵਿਚ ਆ ਚੁੱਕੀ ਹੈ ਅਤੇ ਸ਼ਰਾਬ ਦੇ ਤਸਕਰਾਂ ਨੂੰ ਫੜਨ ਲਈ ਧਰ ਪਕੜ ਜਾਰੀ ਹੈ। ਐਤਵਾਰ ਸ਼ਾਮ ਤੱਕ ਤਰਨਤਾਰਨ ਸ਼ਹਿਰ ਅਤੇ ਆਸ-ਪਾਸ ਲੱਗਦੇ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਸੰਖਿਆ 6 ਦਰਜ਼ਨ ਤੋਂ ਵੱਧ ਕੇ 75 ਦੇ ਕਰੀਬ ਪਹੁੰਚ ਚੁੱਕੀ ਹੈ, ਜਿਸਦੀ ਪੁਸ਼ਟੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਅਜੇ ਵੀ ਜ਼ਿਲੇ ਦੇ ਕਈ ਹਸਪਤਾਲਾਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਕਈ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਭੈਣ ਤੋਂ ਰੱਖੜੀ ਬਣਾਉਣ ਆਏ ਭਰਾ ਅਤੇ ਜੀਜੇ ਨੇ ਪੀਤੀ ਜ਼ਹਿਰੀਲੀ ਸ਼ਰਾਬ, ਮੌਤ...
ਪਿੰਡ ਸੰਘਰਕਲਾਂ ਦੀ ਵਸਨੀਕ ਸੰਦੀਪ ਕੌਰ ਨੇ ਦੱਸਿਆ ਕਿ ਉਸਦਾ ਪਤੀ ਤਰਸੇਮ ਸਿੰਘ ਪਿੰਡ ਭੁੱਲਰ ਵਿਖੇ ਆਪਣੀ ਭੈਣ ਨੂੰ ਰੱਖੜੀ ਦਾ ਤਿਉਹਾਰ ਮੌਕੇ ਮਿਲਣ ਲਈ ਗਿਆ ਸੀ, ਜਿੱਥੇ ਉਨਾਂ ਨੇ ਆਪਣੇ ਜੀਜੇ ਨਾਲ ਮਿਲ ਕੇ ਪਿੰਡ ਭੁੱਲਰ ਤੋਂ ਹੀ ਸ਼ਰਾਬ ਖਰੀਦ ਕੇ ਪੀਤੀ ਅਤੇ ਉਨਾਂ ਦੇ ਜੀਜੇ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਤਰਸੇਮ ਸਿੰਘ ਨੂੰ ਅੰਮ੍ਰਿਤਸਰ ਵਿਖੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸਦੀ ਵੀ ਮੌਤ ਹੋ ਗਈ।
ਜ਼ਿਲ੍ਹ ਪੁਲਿਸ ਦਿਨ ਰਾਤ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਆਪਣੀ ਨਲਾਇਕੀ ਨੂੰ ਛੁਪਾਉਣ ਦੀ ਕਰ ਰਹੀ ਕੋਸ਼ਿਸ਼
ਜਿੱਥੇ ਇਕ ਪਾਸੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਉੱਥੇ ਹੀ ਜ਼ਿਲ੍ਹ ਪੁਲਿਸ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਸ਼ਹਿਰ ਦੀਆਂ ਵਾਰਡਾਂ ਅਤੇ ਪਿੰਡਾਂ ਵਿਚ ਜਾ ਕੇ ਸ਼ਰਾਬ ਤਸਕਰਾਂ ਨੂੰ ਕਾਬੂ ਕਰਕੇ ਆਪਣੀ ਨਲਾਇਕੀ ਛੁਪਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ, ਜਦੋਂ ਸ਼ਰਾਬ ਪੀਣ ਵਾਲਿਆਂ ਦੇ ਪਰਿਵਾਰਕ ਮੈਂਬਰ ਬੜੇ ਚਿਰਾਂ ਤੋਂ ਪੁਲਿਸ ਨੂੰ ਇਨਾਂ ਸ਼ਰਾਬ ਤਸਕਰਾਂ ਨੂੰ ਕਾਬੂ ਕਰਨ ਲਈ ਸ਼ਿਕਾਇਤਾਂ ਕਰ ਰਹੀ ਸੀ, ਪਰ ਉਸ ਸਮੇਂ ਪੁਲਿਸ ਦੇ ਕੰਨਾਂ ’ਤੇ ਜੂੰ ਨਹੀਂ ਸੀ ਸਰਕਦੀ। ਜ਼ਿਲ੍ਹੇ ਦੇ ਐੱਸ.ਐੱਸ.ਪੀ ਧਰੁਮਨ ਨਿੰਬਾਲੇ ਦੇ ਨਿਰਦੇਸ਼ ਤਹਿਤ ਜ਼ਿਲ੍ਹਾ ਪੁਲਿਸ ਨੇ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਜਾਰੀ ਦਿੱਤੀ ਹੈ ਅਤੇ ਸਫਲਤਾ ਵੀ ਮਿਲ ਰਹੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪੁਲਸ ਵਲੋਂ ਜ਼ਿਲ੍ਹਾ ਤਰਨਤਾਰਨ ਵਿਚੋਂ ਇਸ ਪੂਰੇ ਮਾਮਲੇ ਵਿਚ ਦੋ ਸਕੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ ਨੂੰ ਮਾਸਟਰ ਮਾਈਂਡ ਦੱਸਿਆ ਗਿਆ ਸੀ, ਜੋ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਦੱਸਿਆ ਜਾ ਰਿਹਾ ਹੈ ਕਿ ਇਨਾਂ ਵਿਚ ਪਿੰਡ ਢੋਟੀਆਂ ਦੇ ਨਾਮਜ਼ਦ ਦੋਸ਼ੀ ਜੋ ਸਕੇ ਭਰਾ ਹਨ, ਉਨਾਂ ’ਤੇ ਸੱਤਾਧਾਰੀ ਪਾਰਟੀ ਦੇ ਹਲਕੇ ਦੇ ਵੱਡੇ ਰਾਜਨੀਤਿਕ ਆਕਾ (ਲੀਡਰ) ਦਾ ਹੱਥ ਦੱਸਿਆ ਜਾ ਰਿਹਾ ਹੈ। ਹੁਣ ਵੇਖਣਾ ਇਹ ਹੈ ਕਿ ਉਕਤ ਦੋਸ਼ੀਆਂ ਨੂੰ ਪੁਲਸ ਕਦੋਂ ਤੱਕ ਫੜਣ ਵਿਚ ਸਫਲਤਾ ਹਾਸਿਲ ਕਰਦੀ ਹੈ।