ਚੰਡੀਗੜ੍ਹ, 1 ਅਗਸਤ 2020 - ਸ਼ਨੀਵਾਰ ਦੁਪਹਿਰ ਨੂੰ ਤੇਜ਼ ਰਫਤਾਰ ਲਗਜ਼ਰੀ ਕਾਰ ਸੈਕਟਰ 19/20 ਦੀ ਸੜਕ 'ਤੇ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਬਾਊਂਡਰੀ ਵਾਲ ਨੂੰ ਤੋੜ ਕੇ ਇੱਕ ਕੰਧ ਨੂੰ ਪਾੜ ਕੇ ਅੰਦਰ ਜਾ ਵੜੀ। ਚੰਡੀਗੜ੍ਹ ਨੰਬਰ ਦੀ ਹੌਂਡਾ ਐਕੋਰਡ ਕਾਰ ਵਿੱਚ ਤਿੰਨ ਲੋਕ ਸਵਾਰ ਸਨ।
ਹਾਦਸੇ 'ਚ ਚਾਰ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਪੁਲਿਸ ਨੇ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਘਟਨਾ ਵਿਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਪੁਲਿਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਨੰਬਰ ਹੋਂਡਾ ਐਕੋਰਡ ਕਾਰ ਸੈਕਟਰ 19/27/20/30 ਰਾਊਂਡ ਅਬਾਊਟ ਵੱਲੋਂ ਤੇਜ਼ ਰਫਤਾਰ ਨਾਲ ਆ ਰਹੀ ਸੀ। ਜਿਵੇਂ ਹੀ ਕਾਰ ਸੈਕਟਰ 19/20 ਦੀ ਡਿਵਾਇਡਿੰਗ ਰੋਡ ਨਜ਼ਦੀਕ ਪਹੁੰਚੀ ਤਾਂ ਪਿੱਛੇ ਤੋਂ ਕਾਰ ਸਵਾਰ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ ਸੜਕ 'ਤੇ ਡਿੱਗ ਪਿਆ ਅਤੇ ਕਾਰ ਬੇਕਾਬੂ ਹੋ ਕੇ ਸੜਕ ਕ੍ਰਾਸ ਕਰਦਿਆਂ ਸੈਕਟਰ ਦੀ ਕੰਧ ਤੋੜਦੇ ਹੋਏ ਅੰਦਰ ਜਾ ਵੜੀ।
ਜਿਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀ ਮੋਟਰਸਾਈਕਲ ਸਵਾਰ ਨੂੰ ਇਲਾਜ ਲਈ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ, ਅਤੇ ਉਸੇ ਕਾਰ ਵਿੱਚ ਸਵਾਰ 3 ਵਿਅਕਤੀਆਂ ਨੂੰ ਇਲਾਜ ਲਈ ਸੈਕਟਰ 32 ਹਸਪਤਾਲ ਪਹੁੰਚਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਜ਼ਖਮੀ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।