ਜੀ ਐਸ ਪੰਨੂ
ਪਟਿਆਲਾ, 26 ਜੁਲਾਈ 2020 - ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਲਈ ਸੱਦਾ ਪੱਤਰ ਭੇਜ ਕੇ ਜਾਣਕਾਰੀ ਦਿੱਤੀ ਹੈ ਕਿ ਕੱਲ੍ਹ ਨੂੰ ਯਾਨੀ 27 ਜੁਲਾਈ ਨੂੰ ਪੰਜਾਬ ਦੀਆਂ ਦਰਜਨ ਤੋਂ ਵੀ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਚੁਣੇ ਹੋਏ ਅਕਾਲੀ ਅਤੇ ਭਾਜਪਾ ਦੇ ਐਮ ਐਲ ਏ, ਐੱਮ. ਪੀਆਂ ਤੇ ਉਨ੍ਹਾਂ ਦੇ ਹੋਰ ਵੱਡੇ ਲੀਡਰਾਂ ਦੇ ਦਫ਼ਤਰਾਂ ਅਤੇ ਦਫ਼ਤਰਾਂ/ ਘਰਾਂ ਦੇ ਸਾਹਮਣੇ ਟਰੈਕਟਰ ਮਾਰਚ ਕਰਕੇ ਰੋਸ ਧਰਨੇ ਅਤੇ ਰੈਲੀਆਂ ਕੀਤੀਆਂ ਜਾ ਰਹੀਆ ਹਨ ਕਿਉਂਕਿ ਕੇਂਦਰ ਸਰਕਾਰ 'ਚ ਸ਼ਾਮਿਲ ਇਹਨਾਂ ਧਿਰਾਂ ਨੇ ਕਿਸਾਨ ਵਿਰੋਧੀ ਤਿੰਨ ਆਰਡੀਨੈਸ ਜਾਰੀ ਕਰਾਉਣ 'ਚ ਅਤੇ ਬਿਜਲੀ ਬਿੱਲ ਦਾ ਖਰੜਾ ਰੱਦ ਨਾ ਕਰਵਾਉਣ ਵਿੱਚ ਅਤੇ ਇਸ ਤੋਂ ਵੀ ਇਲਾਵਾ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾਉਣ ਵਿੱਚ ਅਤੇ ਪੰਜਾਬ ਦੇ ਹੱਕਾਂ ਉੱਤੇ ਛਾਪੇ ਮਰਵਾਉਣ ਵਿੱਚ ਭੁਮਿਕਾ ਨਿਭਾਈ ਹੈ ਅਤੇ ਨਾਲ ਦੀ ਨਾਲ ਦੇਸ਼ ਵਿੱਚ ਕਲਾਕਾਰਾਂ, ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ, ਕਵੀਆਂ ਅਤੇ ਹੋਰ ਸਰਕਾਰ ਨਾਲ ਮਤਭੇਦ ਰੱਖਣ ਵਾਲੇ ਕਾਰਕੁਨਾਂ ਨੂੰ ਜੋ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਦੇ ਵਿਰੋਧ ਵਿੱਚ ਅਤੇ ਜੋ ਜੇਲ੍ਹਾਂ ਦੇ ਵਿੱਚ ਡੱਕੇ ਹਨ ਉਨ੍ਹਾਂ ਦੀ ਰਿਹਾਈ ਲਈ ਇਹ ਟਰੈਕਰ ਮਾਰਚ, ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਟਰੈਕਟਰਾਂ ਦੇ ਹੀ ਕਾਫ਼ਲੇ ਵੱਖ ਵੱਖ ਦਿਸ਼ਾਵਾਂ ਤੋਂ ਪਟਿਆਲਾ ਸ਼ਹਿਰ ਵਿੱਚ ਦਾਖਲ ਹੋਣਗੇ ਜਿਵੇਂ ਕਿ ਭਾਖੜਾ ਨਹਿਰ ਪਸਿਆਣਾ ਪੁਲ ਤੋਂ, ਭਾਖੜਾ ਨਹਿਰ ਸਿੱਧੂਵਾਲ ਪੁਲ ਤੋਂ, ਭਾਖੜਾ ਨਹਿਰ ਨਾਭਾ ਰੋਡ, ਭੁੱਨਰਹੇੜੀ ਅਤੇ ਬਲਬੇੜਾ ਰੋਡ ਤੇ ਜੌੜੀਆਂ ਸੜਕਾਂ ਤੋਂ, ਸਰਹੰਦ ਰੋਡ ਫੱਗਣਮਾਜਰਾ ਗੁਰਦੁਆਰਾ ਤੋਂ ਕਾਫ਼ਲੇ ਚੱਲ ਕੇ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਕੋਲ ਰੁਕ ਕੇ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਕੇ, ਫਿਰ ਮਹਿੰਦਰਾ ਕਾਲਜ ਵੱਲ ਮਾਰਚ ਕਰਦੇ ਹੋਏ ਵਾਪਸੀ ਤੇ ਫੁਆਰਾ ਚੌਕ ਹੁੰਦੇ ਹੋਏ 21 ਨੰਬਰ ਫਾਟਕ ਤੋਂ ਲੰਘ ਕੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲ ਖੰਡਾ ਚੌਕ ਤੋਂ ਮਿੰਨੀ ਸੈਕਟਰੀਏਟ ਤੋਂ 22 ਨੰਬਰ ਫਾਟਕ ਹੋ ਕੇ ਸੁਰਜੀਤ ਸਿੰਘ ਰੱਖੜਾ, ਸੀਨੀਅਰ ਅਕਾਲੀ ਲੀਡਰ ਦੇ ਨੀਲਾ ਭਵਨ ਦਫ਼ਤਰ ਸਾਹਮਣੇ ਪਹੁੰਚ ਕੇ ਰੋਸ ਪ੍ਰਗਟਾਇਆ ਜਾਵੇਗਾ ਅਤੇ ਉੱਥੋਂ ਰੋਸ ਪ੍ਰਗਟ ਕਰਨ ਉਪਰੰਤ ਕਾਫ਼ਿਲੇ ਵਾਪਸ ਜਾਣਗੇ।
ਇਸ ਪ੍ਰੋਗਰਾਮ ਲਈ ਪੱਤਰਕਾਰਾਂ ਨੂੰ ਸੱਦਾ ਪੱਤਰ ਦਿੱਤਾ ਹੈ ਅਤੇ ਦੱਸਿਆ ਕਿ ਸਾਰੇ ਕਾਫ਼ਲੇ ਵੱਖ ਵੱਖ ਦਿਸ਼ਾਵਾਂ ਤੋਂ 11.30 ਵਜੇ ਦੇ ਕਰੀਬ ਚਲਣਗੇ।