ਜੀ ਐਸ ਪੰਨੂ
ਪਟਿਆਲਾ, 25 ਜੁਲਾਈ 2020 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ ਦੀ ਵਿਦਿਆਰਥਣ ਸੋਨਲ ਨੇ ਨਾਨ ਮੈਡੀਕਲ ਗਰੁੱਪ 'ਚੋਂ 98.22 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਸਕੂਲ ਦੇ ਸਾਇੰਸ ਗਰੁੱਪ ਦੀਆਂ 6 ਵਿਦਿਆਰਥਣਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
ਪ੍ਰਿੰਸੀਪਲ ਨੇ ਦੱਸਿਆ ਕਿ ਆਰਟਸ ਗਰੁੱਪ 'ਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਚੰਗੇ ਨੰਬਰ ਪ੍ਰਾਪਤ ਕੀਤੇ ਗਏ ਹਨ, ਜਿੰਨਾਂ ਵਿਚੋਂ ਗੁਰਪ੍ਰੀਤ ਕੌਰ ਨੇ 95.11 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ ਅਤੇ ਸਕੂਲ ਦੀਆਂ 16 ਵਿਦਿਆਰਥਣਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਕਾਮਰਸ ਗਰੁੱਪ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਕਾਮਰਸ ਗਰੁੱਪ 'ਚ ਪੁਸ਼ਪਾ ਨੇ 94.28 ਫ਼ੀਸਦੀ ਅੰਕ ਹਾਸਲ ਕੀਤੇ ਹਨ ਅਤੇ ਸਕੂਲ ਦੀਆਂ 14 ਵਿਦਿਆਰਥਣਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵੋਕੇਸ਼ਨਲ ਗਰੁੱਪ 'ਚ ਕੁਲਵੀਰ ਕੌਰ ਨੇ 94.22 ਫ਼ੀਸਦੀ ਅੰਕ ਹਾਸਲ ਕੀਤੇ ਅਤੇ 6 ਵਿਦਿਆਰਥਣਾਂ ਦੇ ਅੰਕ 90 ਫ਼ੀਸਦੀ ਤੋਂ ਵੱਧ ਆਏ ਹਨ।
ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਨੇ ਸਕੂਲ ਦੇ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਸਕੂਲ ਦੇ ਪਹਿਲੇ ਪ੍ਰਿੰਸੀਪਲ ਸ੍ਰੀਮਤੀ ਹਰਿੰਦਰ ਕੌਰ ਨੂੰ ਦਿੰਦਿਆ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਸਦਕਾ ਸਕੂਲ ਦੇ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਸਕੂਲ ਦੇ ਪਹਿਲੇ ਪ੍ਰਿੰਸੀਪਲ ਅਤੇ ਮੌਜੂਦਾ ਜ਼ਿਲ੍ਹੇ ਸਿੱਖਿਆ ਅਫ਼ਸਰ ਸ੍ਰੀਮਤੀ ਹਰਿੰਦਰ ਕੌਰ ਨੇ ਨਾਨ ਮੈਡੀਕਲ ਗਰੁੱਪ 'ਚ ਜ਼ਿਲ੍ਹੇ 'ਚ ਅੱਵਲ ਰਹੀ ਸੋਨਮ, ਕਲਾਸ ਇੰਚਾਰਜ ਅਤੇ ਵਿਸ਼ਾ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਸਮੂਹ ਸਟਾਫ਼ ਦੀ ਮਿਹਨਤ ਅਤੇ ਲਗਨ ਦੀ ਪ੍ਰਸੰਸਾ ਕੀਤੀ।