ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ 2020 - ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਠੱਲ ਪਾਉਣ ਲਈ ਆਰੰਭੀ ਗਈ ਮੁਹਿੰਮ ਮਿਸ਼ਨ ਫਤਿਹ ਦੇ ਤਹਿਤ ਸਿਵਲ ਸਰਜਨ ਰੂਪਨਗਰ ਡਾ.ਐਚ.ਐਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਤੇ ਡਾ.ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਕਰੋਨਾ ਮਹਾਂਮਾਰੀ ਦੇ ਮਰੀਜਾਂ ਦਾ ਪਤਾ ਲਗਾਉਣ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਜਾਨਾ ਸਮੇਤ ਸ਼ਨੀਵਾਰ ਅਤੇ ਐਤਵਾਰ ਨੂੰ ਕਰੋਨਾ ਦੇ ਸੱਕੀ ਮਰੀਜਾਂ, ਬਾਹਰ ਤੋਂ ਆਉਣ ਵਾਲੇ ਯਾਤਰੀਆਂ, ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਫਰੰਟ ਵਰਕਰ, ਗਰਭਵਤੀ ਔਰਤਾਂ, ਪੁਲਿਸ ਕਸਟੱਡੀ ਵਿੱਚ ਮੁਲਜਮਾਂ ਆਦਿ ਦਾ ਕਰੋਨਾ ਸੈਂਪਲਿੰਗ ਦਾ ਕੰਮ ਲਗਾਤਾਰ ਚੱਲ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ.ਚਰਨਜੀਤ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਕਰੋਨਾ ਮਹਾਂਮਾਰੀ ਦੇ ਸੈਂਪਲ ਲੈਣ ਲਈ ਗਠਿਤ ਕੀਤੀ ਗਈ ਟੀਮ ਡਾ.ਰਣਵੀਰ ਸਿੰਘ ਮੈਡੀਕਲ ਸਪੈਸਲਿਸਟ ਦੀ ਅਗਵਾਈ ਹੇਠ ਕਰੋਨਾ ਦੇ ਸੈਂਪਲ ਲੈ ਰਹੀ ਹੈ। ਇਸ ਟੀਮ ਵੱਲੋਂ ਹੁਣ ਤੱਕ 2100 ਤੋਂ ਵੱਧ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾ ਵਿੱਚ 20 ਤੋਂ ਉਪਰ ਪੋਜੀਟਿਵ ਮਰੀਜਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹਸਪਤਾਲ ਵਿਖੇ ਸੈਂਪਲ ਲੈਣ ਲਈ ਵੱਖਰੇ ਤੌਰ ਤੇ ਫਲੂ ਕਾਰਨਰ ਬਣਾਇਆ ਗਿਆ ਹੈ, ਜਿੱਥੇ ਰੋਜਾਨਾ ਮਰੀਜਾਂ ਦੀ ਰਿਜਸਟ੍ਰੇਸ਼ਨ ਕੀਤੀ ਜਾਂਦੀ ਹੈ। ਸੈਪਲ ਲੈਣ ਦੇ ਹਸਪਤਾਲ ਵਿਖੇ ਆਉਣ ਵਾਲੇ ਮਰੀਜਾਂ ਨੂੰ ਕੋਵਿਡ 19 ਤੋ ਬਚਾਅ ਦੇ ਤਰੀਕੇ ਜਿਵੇਂ ਕਿ ਮਾਸਕ ਦੀ ਵਰਤੋਂ ਕਰਨੀ, ਸਮਾਜਿਕ ਦੂਰੀ ਬਣਾ ਕੇ ਰੱਖਣੀ, ਹੱਥਾ ਨੂੰ ਬਾਰ ਬਾਰ ਸਾਬਣ ਅਤੇ ਪਾਣੀ ਨਾਲ ਧੋਣਾ, ਸਾਫ ਸਫਾਈ ਆਦਿ ਰੱਖਣਾ ਬਾਰੇ ਵੀ ਦੱਸਿਆ ਜਾ ਰਿਹਾ ਹੈ। ਕੋਵਿਡ ਸੈਂਪਲ ਲੈਣ ਲਈ ਟੀਮ ਵਿੱਚ ਡਾ.ਆਸੂਤੌਸ ਸ਼ਰਮਾ, ਸੁੱਚਾ ਸਿੰਘ, ਵਰਿੰਦਰ ਸਿੰਘ, ਮਿੰਨੀ, ਕੁਲਵਿੰਦਰ ਕੌਰ, ਸੁਰਜੀਤ ਸਿੰਘ, ਸੁਰਿੰਦਰਪਾਲ ਸਿੰਘ, ਸੁਰਭੀ ਸ਼ਰਮਾ, ਜਸਪ੍ਰੀਤ ਕੌਰ, ਵਿਕਾਸ ਕੁਮਾਰ, ਚੰਦਰ ਮੋਹਨ, ਸੁਨੀਤਾ, ਸੁਰਜੀਤ ਕੌਰ ਅਤੇ ਯਸ਼ਪਾਲ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।