ਜੀ ਐਸ ਪੰਨੂ
ਪਟਿਆਲਾ, 16 ਜੁਲਾਈ 2020 - ਪੰਜਾਬ ਦੇ ਸ਼ਹਿਰੀ ਵਿਧਾਨਸਭਾ ਹਲਕੇ ਪਟਿਆਲਾ ਵਿੱਚ ਚਲ ਰਹੇ ਵਿਕਾਸ ਕਾਰਜਾਂ ਵਿੱਚ ਲਗਾਤਾਰ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ। ਸਥਾਨਕ ਸਨੌਰੀ ਅੱਡੇ, ਮੰਦਿਰ ਸ੍ਰੀ ਭੂਤਨਾਥ ਜੀ ਦੇ ਬਾਹਰ ਛੋਟੀ ਨਦੀ ਉਪਰ ਫਰਵਰੀ ਮਹੀਨੇ ਵਿੱਚ ਢਾਈ ਕਰੋੜ ਦੀ ਲਾਗਤ ਨਾਲ ਨਵਾ ਬਣਾਇਆ ਗਿਆ ਪੁੱਲ ਜਿਸ ਦੇ ਚਾਰੋ ਪਾਸੇ ਤੋਂ ਇਕ ਦੋ ਬਰਾਸਾਤਾਂ ਤੋਂ ਬਾਅਦ ਹੀ ਮਿੱਟੀ ਧੱਸ ਗਈ, ਅਤੇ ਕਈ ਫੁੱਟ ਲੰਬੀਆਂ ਦਰਾਰਾਂ ਪੈ ਗਈਆਂ। ਇਸ ਪੁੱਲ਼ ਦਾ ਉਦਘਾਟਨ ਵੀ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਨੇ ਅਜੇ ਹੁਣੇ ਹੁਣੇ ਹੀ ਕੀਤਾ ਸੀ।
ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਦੇ ਸ਼ਹਿਰੀ ਵਿਧਾਨਸਭਾ ਹਲਕੇ ਪਟਿਆਲਾ ਵਿੱਚ ਕਾਂਗਰਸ ਪਾਰਟੀ ਵਲੋਂ ਵਿਕਾਸ ਕਾਰਜ ਦੇ ਕਰਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜੋ ਕਿ ਬਿਲਕੁਲ ਖੋਖਲੇ ਸਾਬਿਤ ਹੋ ਰਹੇ ਹਨ। ਢਾਈ ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਸਨੌਰੀ ਅੱਡੇ ਦੇ ਕੋਲ, ਛੋਟੀ ਨਦੀ ਉਪਰ ਫਰਵਰੀ ਮਹੀਨੇ ਵਿੱਚ ਨਵੇਂ ਬਣੇ ਪੁੱਲ ਦੇ ਚਾਰੋ ਪਾਸੇ ਤੋਂ ਇਕ ਦੋ ਬਰਾਸਾਤਾਂ ਤੋਂ ਬਾਅਦ ਹੀ ਮਿੱਟੀ ਧੱਸ ਗਈ ਹੈ।
ਮਿੱਟੀ ਧੱਸਣ ਦੇ ਨਾਲ ਕਈ ਫੁੱਟ ਲੰਬੀਆਂ ਦਰਾਰਾਂ ਪੈ ਚੁੱਕੀਆਂ ਹਨ। ਅੱਜ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਸੰਦੀਪ ਬੰਧੂ ਅਤੇ ਯੂਥ ਵਿੰਗ ਦੇ ਜਿਲ੍ਹਾ ਜਨਰਲ ਸਕੱਤਰ, ਵਰਿੰਦਰ ਗੌਤਮ ਅਤੇ ਯੂਥ ਆਗੂ ਗੋਲੂ ਰਾਜਪੂਤ ਅਤੇ ਵਿਕਰਮ ਸਿੰਘ ਨੇ ਦੇਖਿਆ ਤਾਂ ਪੁਲ ਦੇ ਚਾਰੋ ਕੋਨਿਆਂ ਤੋਂ ਕਈ ਕਈ ਫੁੱਟ ਤਕ ਮਿੱਟੀ ਧੱਸ ਚੁੱਕੀ ਸੀ। ਪੁੱਲ ਦੇ ਚਾਰੋ ਪਾਸੇ ਬੋਰੀਆਂ ਵਿੱਚ ਮਿੱਟੀ ਭਰਕੇ ਪਾਉਣ ਤੋਂ ਬਾਅਦ ਵੀ ਮਿੱਟੀ ਉਪਰ ਸੀਮਿੰਟ ਦਾ ਲੇਪ ਬਣਾਕੇ ਪਲਸਤਰ ਕਰ ਦਿੱਤਾ ਗਿਆ ਸੀ। ਫਿਰ ਥੋੜੀ ਜਿਹੀ ਬਰਸਾਤ ਹੋਣ ਤੋਂ ਮਿੱਟੀ ਬੈਠ ਗਈ ਅਤੇ ਵੱਡੀਆਂ ਵੱਡੀਆ ਦਰਾਰਾਂ ਪੈ ਗਈਆਂ। ਟੀਮ ਨੇ ਇਹ ਵੀ ਦੇਖਿਆ ਕਿ ਪਈਆਂ ਹੋਈਆਂ ਦਰਾਰਾਂ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਪਰ ਦਰਾਰਾਂ ਵਾਲੀ ਜਗ੍ਹਾ ਤੇ ਸੀਮਿੰਟ ਲਗਾਉਣ ਤੋਂ ਬਾਅਦ ਵੀ ਮਿੱਟੀ ਧਸ ਰਹੀ ਹੈ ਅਤੇ ਫੇਰ ਦਰਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।
ਸੰਦੀਪ ਬੰਧੂ ਨੇ ਕਿਹਾ ਕਿ ਸਿਰਫ ਪੰਜ ਮਹੀਨੇ ਪਹਿਲਾਂ ਬਣੇ ਪੁੱਲ ਦੇ ਚਾਰੋ ਕੋਨਿਆਂ ਤੋਂ ਮਿੱਟੀ ਧੱਸਣਾ ਬੜੀ ਹੈਰਾਨੀਜਨਕ ਗੱਲ ਹੈ। ਪੁੱਲ ਬਣਾਉਣ ਦੇ ਸਮੇਂ ਪੁੱਲ ਦੇ ਚਾਰੋ ਕੋਨਿਆਂ ਤੇ ਮਿੱਟੀ ਰੋਕਣ ਲਈ ਆਰ ਸੀ ਸੀ ਦੀਆਂ ਦੀਵਾਰਾਂ ਨਹੀਂ ਬਣਾਈਆਂ ਗਈਆਂ ਹਨ, ਜੋ ਕਿ ਹੋਰ ਪੁੱਲਾਂ ਨੂੰ ਬਣਾਉਣ ਸਮੇਂ ਬਣਾਈਆਂ ਜਾਂਦੀਆ ਹਨ। ਦੀਵਾਰਾਂ ਨਾ ਬਣਾਉਣ ਕਰਕੇ ਮਿੱਟੀ ਧੱਸ ਗਈ, ਜਿਸ ਕਰਕੇ ਵੱਡੀਆਂ ਵੱਡੀਆਂ ਦਰਾਰਾਂ ਪੈ ਗਈ ਹਨ। ਇਸ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਪੁੱਲ ਬਣਾਉਣ ਵਿੱਚ ਕੀਤੇ ਗਏ ਕੰਮ ਦੀ ਕਵਾਲਿਟੀ ਅਤੇ ਲਗਾਏ ਗਏ ਮਟੀਰੀਅਲ ਨਾਲ ਸਮਝੋਤਾ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਪੁੱਲ ਤੇ ਲਗਿਆ ਢਾਈ ਕਰੋੜ ਰੁਪਿਆ ਪੰਜਾਬ ਦੇ ਆਮ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਦਿੱਤਾ ਹੋਇਆ ਟੈਕਸ ਦਾ ਪੈਸਾ ਹੈ। ਜੋ ਕਿ ਦੋਵੇਂ ਹੱਥਾਂ ਨਾਲ ਕਾਂਗਰਸ ਸਰਕਾਰ ਦੇ ਮੰਤਰੀ, ਲੀਡਰਾਂ ਅਤੇ ਅਫਸਰਾਂ ਵਲੋਂ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਲੁੱਟਿਆ ਜਾ ਰਿਹਾ ਹੈ। ਪਟਿਆਲਾ ਵਿੱਚ ਚਲ ਰਹੇ ਹਰ ਵਿਕਾਸ ਕੰਮ ਵਿੱਚ ਮਿਲੀਭੁਗਤ ਕਰਕੇ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ, ਜਿਸ ਨਾਲ ਸਰਕਾਰੀ ਖਜਾਨੇ ਨੂੰ ਚੂਨਾ ਲਗਾਕੇ ਆਪਣੀਆਂ ਤਿਜੋਰੀਆਂ ਨੂੰ ਭਰਿਆ ਜਾ ਰਿਹਾ ਹੈ।
ਸੰਦੀਪ ਬੰਧੂ, ਵਰਿੰਦਰ ਗੌਤਮ, ਗੋਲੂ ਰਾਜਪੂਤ ਅਤੇ ਵਿਕਰਮ ਸਿੰਘ ਨੇ ਕਿਹਾ ਕਿ ਪੁੱਲ ਬਣਾਉਣ ਵਾਲੇ ਪੀ ਡਬਲਿਊ ਡੀ ਵਿਭਾਗ ਦੇ ਅਫਸਰਾਂ ਅਤੇ ਠੇਕੇਦਾਰਾਂ ਨੇ ਆਮ ਲੋਕਾਂ ਦੀ ਕੀਮਤੀ ਜਾਨਾਂ ਦੀ ਵੀ ਪਰਵਾਹ ਨਹੀਂ ਕੀਤੀ, ਜਿਹੜੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਇਸ ਪੁੱਲ ਦੇ ਉਪਰੋ ਆਉਂਦੇ ਜਾਂਦੇ ਹਨ। ਉਹਨਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਭਾਰੀ ਬਰਸਾਤਾਂ ਹੋਣ ਜਾ ਰਹੀਆਂ ਹਨ। ਬਰਸਾਤਾਂ ਨਾਲ ਇਸ ਪੁੱਲ ਦੀਆਂ ਸਾਈਡਾਂ ਤੋਂ ਹੋਰ ਮਿੱਟੀ ਧੱਸਣ ਨਾਲ ਪੁੱਲ ਨੂੰ ਨੁਕਸਾਨ ਹੋ ਸਕਦਾ ਹੈ, ਅਤੇ ਨਾਲ ਹੀ ਪੁੱਲ ਤੋਂ ਆਉਣ ਜਾਣ ਵਾਲੇ ਲੋਕਾਂ ਦੀ ਜਾਨ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਜਲਦ ਤੋਂ ਜਲਦ ਇਸ ਪੁੱਲ ਦੀਆਂ ਚਾਰੋ ਸਾਈਡਾਂ ਤੇ ਆਰ ਸੀ ਸੀ ਦੀ ਦੀਵਾਰ ਬਣਾਈ ਜਾਵੇ, ਜਿਸ ਨਾਲ ਮਿੱਟੀ ਨੂੰ ਧੱਸਣ ਤੋਂ ਰੋਕਿਆ ਜਾ ਸਕਦਾ ਹੈ।
ਸੰਦੀਪ ਬੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਪੁੱਲ ਬਣਾਉਣ ਵਾਲੇ ਠੇਕੇਦਾਰ ਨੂੰ ਪੁੱਲ ਬਣਾਉਣ ਦੇ ਕੰਮ ਵਿੱਚ ਕੋਤਾਹੀ ਕਰਨ ਅਤੇ ਕੰਮ ਵਿੱਚ ਘਟੀਆ ਮਟੀਰੀਅਲ ਦੇ ਕਰਕੇ ਬਲੈਕ ਲਿਸਟ ਕੀਤਾ ਜਾਣਾ ਚਾਹੀਦਾ ਹੈ। ਜੇਕਰ ਇਸ ਪੁੱਲ ਦੇ ਬਣਾਉਣ ਵਿੱਚ ਕਿਸੇ ਵੀ ਤਰਾਂ ਦੀ ਕੋਈ ਹੇਰਾ ਫੇਰੀ ਹੋਈ ਹੈ, ਤਾਂ ਉਸਦੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਕਰਕੇ ਜੋ ਵੀ ਦੋਸ਼ੀ ਹੋਣ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ, ਨਹੀਂ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਨਾਲ ਲੈਕੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਸੜਕਾਂ ਤੇ ਉਤਰਕੇ ਸੰਘਰਸ਼ ਕਰੇਗੀ।