ਅਸ਼ੋਕ ਵਰਮਾ
ਬਠਿੰਡਾ, 15 ਜੁਲਾਈ 2020 - ਬਾਬਾ ਫ਼ਰੀਦ ਕਾਲਜ ਵਿਖੇ ਕੰਪਿਊਟਰ ਸਾਇੰਸ ਵਿਭਾਗ ਦੇ ਆਈ.ਟੀ. ਕਲੱਬ ਵੱਲੋਂ ਆਈ.ਟੀ.-ਇਲਊਜ਼ਨ ਆਨਲਾਈਨ ਮੁਕਾਬਲਾ-2020 ਕਰਵਾਇਆ ਗਿਆ ਜਿਸ ਤਹਿਤ ਫ਼ੋਟੋਗਰਾਫੀ ਅਤੇ ਵੈੱਬਸਾਈਟ ਡਿਵੈਲਪਮੈਂਟ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਯੂਨੀਵਰਸਿਟੀਆਂ , ਕਾਲਜਾਂ ਅਤੇ ਵਿੱਦਿਅਕ ਸੰਸਥਾਵਾਂ ਤੋਂ ਬੀ.ਸੀ.ਏ. ਜਾਂ ਕੰਪਿਊਟਰ ਸਾਇੰਸ ਵਿਸ਼ੇ ਨਾਲ ਗਰੈਜੂਏਸ਼ਨ ਕਰ ਰਹੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਆਨਲਾਈਨ ਫ਼ੋਟੋਗ੍ਰਾਫੀ ਦੇ ਮੁਕਾਬਲੇ ਵਿੱਚ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਨੰਦਗੜ ਤੋਂ ਬੀ.ਸੀ.ਏ. ਤੀਜਾ ਸਾਲ ਦੀ ਵਿਦਿਆਰਥਣ ਯਸ਼ਨੀਤ ਕੌਰ ਨੇ ਪਹਿਲਾ ਸਥਾਨ ਅਤੇ ਗੌਰਮਿੰਟ ਕਾਲਜ, ਰੋਪੜ ਤੋਂ ਬੀ.ਸੀ.ਏ. ਦੂਜਾ ਸਾਲ ਦੀ ਵਿਦਿਆਰਥਣ ਸੰਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ । ਇਸੇ ਤਰਾਂ ਵੈੱਬਸਾਈਟ ਡਿਵੈਲਪਮੈਂਟ ਮੁਕਾਬਲੇ ਵਿੱਚ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਨੰਦਗੜ ਤੋਂ ਬੀ.ਸੀ.ਏ. ਤੀਜਾ ਸਾਲ ਦੇ ਵਿਦਿਆਰਥੀ ਪਿ੍ਰੰਸ ਨੇ ਪਹਿਲਾ ਸਥਾਨ ਅਤੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਤੋਂ ਬੀ.ਟੈੱਕ. (ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ) ਦੂਜਾ ਸਾਲ ਦੇ ਵਿਦਿਆਰਥੀ ਕਰਨ ਲੂਨਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ।
ਹਰ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 2100/- ਰੁਪਏ ਅਤੇ ਦੂਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 1100/- ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਹਰ ਭਾਗੀਦਾਰ ਨੂੰ ਈ- ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ । ਜ਼ਿਕਰਯੋਗ ਹੈ ਕਿ ਇਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਕੋਈ ਵੀ ਰਜਿਸਟ੍ਰੇਸ਼ਨ ਫ਼ੀਸ ਜਾਂ ਕੋਈ ਹੋਰ ਫ਼ੀਸ ਨਹੀਂ ਲਈ ਗਈ ਸੀ। ਇਨਾਂ ਮੁਕਾਬਲਿਆਂ ਦਾ ਉਦੇਸ਼ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਉਭਾਰਨ ਅਤੇ ਪ੍ਰਦਰਸ਼ਨ ਕਰਨ ਲਈ ਆਨਲਾਈਨ ਮੌਕਾ ਪ੍ਰਦਾਨ ਕਰਨਾ ਸੀ। ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਆਨਲਾਈਨ ਮੁਕਾਬਲੇ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ।