- ਸਹੁਰੇ ਪਿੰਡ ਤੋਂ ਚਾਂਈ ਚਾਂਈ ਪੇਪਰ ਦੇ ਰਹੀ ਹੈ, ਵਿਦਿਆਰਥਣ ਹਰਪ੍ਰੀਤ ਕੌਰ
ਐੱਸ ਏ ਐੱਸ ਨਗਰ 15 ਜੁਲਾਈ : ਵਿਆਹ ਦਾ ਨਵਾਂ ਚਾਅ ਵੀ ਪੇਪਰ ਦੇਣ ਦੇ ਉਤਸ਼ਾਹ ਨੂੰ ਮੱਠਾ ਨਾ ਪਾ ਸਕਿਆ,ਅਪਣੇ ਸਹੁਰੇ ਘਰ ਸੁਹਾਲੀ ਤੋਂ ਪੇਪਰ ਦੇ ਰਹੀ ਐੱਸ ਏ ਐੱਸ ਨਗਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੀੜਾ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਹਰਪ੍ਰੀਤ ਕੌਰ ਮਾਣ ਮਹਿਸੂਸ ਕਰ ਰਹੀ ਹੈ, ਉਸ ਨੇ ਹੋਸਲੇ ਨਾਲ ਕਿਹਾ ਕਿ ਉਹ ਦੋਵੇਂ ਪ੍ਰੀਖਿਆਵਾਂ ਚੋ ਜੇਤੂ ਹੋਕੇ ਨਿਕਲਣਾ ਚਾਹੁੰਦੀ ਹੈ।
ਵਿਦਿਆਰਥਣ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਕਰੋਨਾ ਦੇ ਔਖੇ ਸਮੇਂ ਦੌਰਾਨ ਅਧਿਆਪਕਾਂ ਨੇ ਉਸ ਨੂੰ ਆਨਲਾਈਨ ਸਿੱਖਿਆ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ,ਜਿਸ ਕਰਕੇ ਉਹ ਅਪਣੀ ਇਸ ਨਵੀਂ ਜ਼ਿੰਦਗੀ ਨੂੰ ਹੋਰ ਸੋਹਣਾ ਬਣਾਉਣ ਲਈ ਅਪਣੀ ਪੜ੍ਹਾਈ ਨੂੰ ਜਾਰੀ ਰੱਖਣਾ ਚਾਹੁੰਦੀ ਹੈ,ਇਸ ਗੱਲ ਦੀ ਖੁਸ਼ੀ ਹੈ ਕਿ ਉਸਦਾ ਪਤੀ ਗੁਰਜੀਤ ਸਿੰਘ ਅਤੇ ਬਾਕੀ ਪਰਿਵਾਰਕ ਮੈਂਬਰ ਵੀ ਉਸ ਦੀ ਪੜ੍ਹਾਈ ਲਈ ਉਤਸ਼ਾਹਿਤ ਕਰ ਰਹੇ ਹਨ। ਖੁਦ ਗੁਰਜੀਤ ਸਿੰਘ ਨੇ ਵੀ ਕਿਹਾ ਕਿ ਉਹ ਹਰਪ੍ਰੀਤ ਕੌਰ ਨੂੰ ਪੜ੍ਹਾਈ ਲਈ ਹਰ ਸਹਿਯੋਗ ਦੇਣਗੇ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਬੇਸ਼ੱਕ ਆਨਲਾਈਨ ਪ੍ਰੀਖਿਆ ਦੌਰਾਨ ਮਾਪਿਆਂ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਘਰਾਂ ਦੇ ਮਹੋਲ ਅੰਦਰ ਅਨੇਕਾਂ ਦਿੱਕਤਾਂ ਹਨ,ਪਰ ਇਸ ਦੇ ਬਾਵਜੂਦ ਅਧਿਆਪਕ ਅਤੇ ਵਿਦਿਆਰਥੀ ਇਨ੍ਹਾਂ ਚਣੌਤੀਆਂ ਨੂੰ ਸਵੀਕਾਰ ਕਰਦਿਆਂ ਆਨਲਾਈਨ ਪ੍ਰੀਖਿਆ ਨੂੰ ਸਫਲ ਬਣਾਉਣ ਚ ਜੁੱਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ,ਕਲਾਸ ਇੰਚਾਰਜ ਰਵਿੰਦਰ ਕੌਰ ਅਤੇ ਅੰਗਰੇਜ਼ੀ ਲੈਕਚਰਾਰ ਡਾ ਸ਼ੁਭਲਾ ਸ਼ਰਮਾ ਇਸ ਬੱਚੀ ਦੇ ਉਤਸ਼ਾਹ ਤੋਂ ਬਾਗੋਬਾਗ ਹਨ,ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਵਿਦਿਆਰਥੀਆਂ ਹਰ ਜ਼ਿੰਮੇਵਾਰੀ ਨੂੰ ਆਪਣੀ ਆਪਣੀ ਥਾਂ ਨਿਭਾ ਰਹੇ ਹਨ। ਪ੍ਰਿੰਸੀਪਲ ਪ੍ਰਵੀਨ ਨੇ ਦੱਸਿਆ ਕਿ ਇਸ ਵਿਦਿਆਰਥਣ ਨੇ ਅੰਗਰੇਜ਼ੀ, ਪੰਜਾਬੀ ਅਤੇ ਵਾਤਾਵਰਣ ਸਾਇੰਸ ਦੇ ਪੇਪਰ ਅਪਣੇ ਸਹੁਰੇ ਘਰ ਤੋਂ ਬੈਠਕੇ ਦੇਕੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਭਵਿੱਖ ਚ ਸਚੱਜੀ ਅਗਵਾਈ ਦਿੱਤੀ ਜਾਵੇਗੀ ਤਾਂ ਕਿ ਵਿਆਹ ਦੇ ਨਵੇਂ ਖੂਬਸੂਰਤ ਸਫਰ ਦੇ ਨਾਲ ਨਾਲ ਅਪਣੀ ਪੜ੍ਹਾਈ ਵੀ ਜਾਰੀ ਰੱਖ ਸਕੇ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਿੰਮਤ ਸਿੰਘ ਨੇ ਉਨ੍ਹਾਂ ਦੇ ਜ਼ਿਲ੍ਹੇ ਦੀ ਵਿਦਿਆਰਥਣ ਹਰਪ੍ਰੀਤ ਕੌਰ ਵੱਲ੍ਹੋਂ ਲਏ ਨਿਰਣੇ ਤੇ ਤਸੱਲੀ ਜ਼ਾਹਿਰ ਕਰਦਿਆਂ ਅਧਿਆਪਕਾਂ ਨੂੰ ਵਧਾਈ ਦਿੱਤੀ। ਆਨਲਾਈਨ ਪ੍ਰੀਖਿਆ ਬਾਰੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਜ਼ਿਲ੍ਹੇ ਨੇ ਨਵੇਂ ਦਾਖਲਿਆਂ ਚ ਰਿਕਾਰਡ ਵਾਧਾ ਕੀਤਾ ਹੈ,ਉਸੇ ਤਰ੍ਹਾਂ ਆਨਲਾਈਨ ਪ੍ਰੀਖਿਆ ਵਿੱਚ ਵਿਦਿਆਰਥੀ ਚੰਗੀ ਕਾਰਗੁਜ਼ਾਰੀ ਦਿਖਾਉਣਗੇ। ਸੰਜੀਵ ਕੁਮਾਰ ਭਾਰਦਵਾਜ ਡੀ ਐਮ ਮੈਥ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਕੋਲ ਮੋਬਾਈਲ ਦੀ ਸਮੱਸਿਆ ਹੈ,ਉਨ੍ਹਾਂ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ।