ਜੀ ਐਸ ਪੰਨੂ
ਪਟਿਆਲਾ, 14 ਜੁਲਾਈ 2020 - ਪਟਿਆਲਾ ਸ਼ਹਿਰ ਦੀ ਵੱਡੀ ਬਾਰਾਂਦਰੀ ਕਾਲੋਨੀ, (ਨੇੜੇ ਟੈਲੀਫੋਨ ਐਕਸਚੇਂਜ) ਦਾ ਪਿਛਲੇ 20 ਦਿਨਾਂ ਤੋਂ ਸੀਵਰੇਜ ਜਾਮ ਕਰਕੇ ਬੁਰਾ ਹਾਲ ਹੈ। ਖਰਾਬ ਸੀਵਰੇਜ ਲਾਈਨਾਂ ਕਰਕੇ ਸੀਵਰੇਜ ਦਾ ਗੰਦਾ ਪਾਣੀ, ਪੀਣ ਵਾਲੇ ਪਾਣੀ ਵਿੱਚ ਮਿਕਸ ਹੋ ਕੇ ਆ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਦੇ ਮੀਡੀਆ ਵਿੰਗ ਅਤੇ ਯੂਥ ਵਿੰਗ ਨੇ ਆਮ ਲੋਕਾਂ ਦੇ ਬੁਲਾਵੇ 'ਤੇ ਕਾਲੋਨੀ ਵਿਖੇ ਪਹੁੰਚਕੇ ਸੀਵਰੇਜ ਜਾਮ ਅਤੇ ਹੋਰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਿਆ ਤਾਂ ਸੀਵਰੇਜ ਜਾਮ ਕਾਰਨ ਕਾਲੋਨੀ ਦਾ ਬੁਰਾ ਹਾਲ ਸੀ, ਗਟਰ ਲੀਕ ਕਰ ਰਹੇ ਹਨ। ਕੋਈ ਸਫਾਈ ਨਹੀਂ ਹੋ ਰਹੀ ਹੈ। ਕਾਲੋਨੀ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਸੀਵਰੇਜ ਜਾਮ ਨਾਲ ਬੁਰਾ ਹਾਲ ਹੈ। ਹੁਣ ਬਰਸਾਤਾਂ ਕਰਕੇ ਹੋਰ ਵੀ ਬੁਰਾ ਹਾਲ ਹੋਇਆ ਪਿਆ। ਸੜਕਾਂ ਤੇ ਬਰਸਾਤ ਅਤੇ ਸੀਵਰੇਜ ਦਾ ਪਾਣੀ ਇਕੱਠਾ ਹੋ ਗਿਆ ਹੈ, ਸਾਰੀ ਕਾਲੋਨੀ ਵਿੱਚ ਬਦਬੂ ਫੈਲੀ ਹੋਈ ਹੈ। ਆਮ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ,
ਕਾਲੋਨੀ ਨਿਵਾਸੀ ਮਹਿਲਾਵਾਂ ਨੇ ਦੱਸਿਆ ਕਿ ਘਰਾਂ ਦੇ ਬਾਹਰ ਸੀਵਰੇਜ ਦੇ ਗੰਦੇ ਪਾਣੀ ਦੇ ਖੜੇ ਹੋਣ ਕਰਕੇ ਸਾਡਾ ਘਰਾਂ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਬਦਬੂ ਕਰਕੇ ਰਸੋਈ ਵਿੱਚ ਖੜਕੇ ਰੋਟੀ ਬਣਾਉਣੀ ਵੀ ਮੁਸ਼ਕਿਲ ਹੋਈ ਪਈ ਹੈ। ਦੂਜਾ ਸੀਵਰੇਜ ਦਾ ਗੰਦਾ ਪਾਣੀ, ਲਾਈਨਾਂ ਖਰਾਬ ਹੋਣ ਕਰਕੇ ਪੀਣ ਵਾਲੇ ਪਾਣੀ ਵਿੱਚ ਮਿਕਸ ਹੋ ਕੇ ਆ ਰਿਹਾ ਹੈ, ਜਿਸ ਕਰਕੇ ਘਰਾਂ ਵਿੱਚ ਲੋਕ ਬੀਮਾਰ ਹੋ ਰਹੇ ਹਨ। ਬਜ਼ਰੁਗਾਂ ਅਤੇ ਬੱਚਿਆਂ ਨੂੰ ਬੁਖਾਰ, ਉਲਟੀ, ਦਸਤ ਦੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। ਗੰਦੇ ਸੀਵਰੇਜ ਦੇ ਪਾਣੀ ਕਰਕੇ ਕਾਲੋਨੀ ਦੇ ਅੰਦਰ ਕੋਈ ਵੀ ਸਬਜ਼ੀ ਵੇਚਣ ਵਾਲਾ, ਦੁੱਧ ਪਾਉਣ ਵਾਲਾ ਵੀ ਨਹੀਂ ਆ ਰਹੇ ਹਨ, ਉਹ ਬਾਹਰ ਖੜ ਜਾਂਦੇ ਹਨ, ਸਾਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਸਾਮਾਨ ਖਰੀਦਕੇ ਲਿਆਉਣਾ ਪੈ ਰਿਹਾ ਹੈ। ਗੰਦੇ ਪਾਣੀ ਕਰਕੇ ਕਾਲੋਨੀ ਵਿੱਚ ਮੱਛਰਾਂ ਦੀ ਭਰਮਾਰ ਹੋਈ ਪਈ ਹੈ। ਸਾਡੀ ਤਾਂ ਪਿਛਲੇ 20 ਦਿਨਾਂ ਤੋਂ ਜਿੰਦਗੀ ਨਰਕ ਬਣੀ ਹੋਈ ਹੈ।
ਇਸੇ ਤਰ੍ਹਾਂ ਕਾਲੋਨੀ ਦੇ ਬਾਹਰੋਂ ਮੇਨ ਸੜਕ ਉਪਰ ਵੀ ਇਕ ਵੱਡਾ ਗਟਰ ਲਗਾਤਾਰ ਲੀਕ ਹੋ ਰਿਹਾ ਹੈ, ਜਿਸ ਨਾਲ ਪੂਰਾ ਸੀਵਰੇਜ ਦਾ ਪਾਣੀ ਬਾਰਦਰੀ ਵਿੱਚ ਫੈਲਕੇ ਟਰੈਫਿਕ ਪੁਲਿਸ ਦੇ ਦਫਤਰ ਤੱਕ ਜਾ ਰਿਹਾ ਹੈ। ਇਹੀ ਰਸਤਾ ਸ੍ਰੀ ਮਾਤਾ ਕਾਲੀ ਦੇਵੀ ਜੀ ਦੇ ਮੰਦਿਰ ਨੂੰ ਵੀ ਜਾ ਰਿਹਾ ਹੈ, ਜੋ ਭਗਤ ਮੰਦਿਰ ਆਉਂਦੇ ਹਨ, ਉਹ ਇਥੇ ਗੱਡੀਆਂ ਪਾਰਕਿੰਗ ਕਰਕੇ ਇਸੀ ਗੰਦੇ ਪਾਣੀ ਵਿੱਚੋਂ ਲੰਘਕੇ ਮੰਦਿਰ ਜਾ ਰਹੇ ਹਨ। ਉਹਨਾਂ ਕਿਹਾ ਕਿ ਆਮ ਲੋਕਾਂ ਵਲੋਂ ਵਾਰਡ ਦੇ ਕੌਂਸਲਰ ਰਾਜੇਸ਼ ਮੰਡੋਰਾ ਅਤੇ ਨਗਰ ਨਿਗਮ ਪਟਿਆਲਾ ਨੂੰ ਬਾਰ-ਬਾਰ ਸਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ । ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ, ਬਰਸਾਤੀ ਮੌਸਮ ਵਿਚ ਬਿਮਾਰੀਆਂ ਫੈਲਣ ਦਾ ਖਤਰਾ ਜਿਆਦਾ ਹੁੰਦਾ ਹੈ। ਪਹਿਲਾਂ ਹੀ ਪੂਰਾ ਸੰਸਾਰ ਕਰੋਨਾ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ। ਲੋਕਾਂ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਹੈ। ਹੁਣ ਬਰਸਾਤਾਂ ਕਰਕੇ ਡੇਂਗੂ ਦੀ ਬਿਮਾਰੀ ਦਾ ਵੀ ਖਤਰਾ ਵੱਧਦਾ ਜਾ ਰਿਹਾ ਹੈ। ਕਾਲੋਨੀ ਵਿੱਚ ਫੈਲੀ ਗੰਦਗੀ ਦੇ ਕਾਰਨ ਬਰਸਾਤ ਦੇ ਮੌਸਮ ਵਿੱਚ ਡੇਂਗੂ ਜਾਂ ਕੋਈ ਹੋਰ ਬਿਮਾਰੀ ਫੈਲ ਸਕਦੀ ਹੈ, ਜੇਕਰ ਕਾਲੋਨੀ ਵਿੱਚ ਬਿਮਾਰੀ ਫੈਲੀ ਤਾਂ ਇਸ ਦਾ ਕੋਣ ਜਿੰਮੇਵਾਰ ਹੋਵੇਗਾ, ਮੇਅਰ ਪਟਿਆਲਾ ਸੰਜੀਵ ਸ਼ਰਮਾ ਬਿੱਟੂ ਹੋਣਗੇ ਜਾਂ ਕੌਂਸਲਰ ਰਾਜੇਸ਼ ਮੰਡੇਰਾ ਹੋਣਗੇ ਜਾਂ ਫੇਰ ਨਗਰ ਨਿਗਮ ਪਟਿਆਲਾ ਹੋਵੇਗਾ ।
ਸੰਦੀਪ ਬੰਧੂ, ਸੰਨੀ ਪਟਿਆਲਾ, ਵਰਿੰਦਰ ਗੌਤਮ, ਗੋਲੂ ਰਾਜਪੂਤ ਨੇ ਸਾਂਝੇ ਤੌਰ ਤੇ ਕਿਹਾ ਕਿ ਜੇਕਰ ਇਕ ਹਫਤੇ ਦੇ ਅੰਦਰ-ਅੰਦਰ ਪੂਰੀ ਕਾਲੋਨੀ ਦੀਆਂ ਸੀਵਰੇਜ ਲਾਈਨਾਂ ਨੂੰ ਸਾਫ ਕਰਕੇ ਜਾਮ ਨਾ ਖੋਲਿਆ ਗਿਆ, ਖਰਾਬ ਸੀਵਰੇਜ ਲਾਈਨਾਂ ਨੂੰ ਠੀਕ ਕਰਕੇ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਮਿਕਸ ਹੋਣ ਤੋਂ ਨਾ ਰੋਕਿਆ ਅਤੇ ਪੂਰੇ ਇਲਾਕੇ ਵਿੱਚ ਫੋਗਿੰਗ ਨਾ ਕਰਵਾਈ ਗਈ ਤਾਂ ਕਾਲੋਨੀ ਦੇ ਆਮ ਲੋਕਾਂ ਅਤੇ ਪਾਰਟੀ ਵਾਲੰਟੀਅਰ ਨੂੰ ਨਾਲ ਲੈਕੇ ਵਾਰਡ ਕੌਂਸਲਰ ਅਤੇ ਮੇਅਰ ਪਟਿਆਲਾ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਮੋਕੇ ਕਾਲੋਨੀ ਨਿਵਾਸੀ ਮੋਨੂੰ ਕੁਮਾਰ, ਓਮ ਪਰਕਾਸ਼, ਰਾਜਿੰਦਰ ਕੁਮਾਰ, ਸ਼ੀਲਾ ਦੇਵੀ, ਬਿਮਲਾ ਦੇਵੀ, ਰਾਜਰਾਣੀ, ਅਮਿਤ ਕੁਮਾਰ ਆਦਿ ਹਾਜ਼ਰ ਸਨ।
ਇਸ ਸਮੇਂ ਸੰਦੀਪ ਬੰਧੂ ਯੂਥ ਵਿੰਗ ਦੇ ਜਿਲ੍ਹਾ ਜਰਨਲ ਸਕੱਤਰ ਵਰਿੰਦਰ ਗੌਤਮ, ਜਿਲ੍ਹਾ ਉਪ-ਪ੍ਰਧਾਨ ਸੰਨੀ ਪਟਿਆਲਾ ਅਤੇ ਯੂਥ ਆਗੂ ਗੋਲੂ ਕਾਲੋਨੀ ਵਿਖੇ ਪਹੁੰਚੇ ਹੋਏ ਸਨ।