ਮਨਿੰਦਰਜੀਤ ਸਿੱਧੂ
- ਕਾਂਗਰਸੀ ਸਰਪੰਚਾਂ ਆਪਣੀ ਹੀ ਪਾਰਟੀ ਦੇ ਆਗੂਆਂ ਉੱਪਰ ਗਰਾਂਟਾਂ ਨੂੰ ਲੈਕੇ ਕਾਣੀ ਵੰਡ ਕਰਨ ਦਾ ਦੋਸ਼ ਲਗਾਇਆ
ਜੈਤੋ, 14 ਜੁਲਾਈ 2020 - ਕੈਪਟਨ ਸਰਕਾਰ ਵੱਡ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਪਰ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਅਤੇ ਮੌਜੂਦਾ ਸਰਕਾਰ ਹਰ ਫਰੰਟ ਉੱਪਰ ਫੇਲ ਹੋ ਚੁੱਕੀ ਹੈ ਇਸ ਤਰਾਂ ਦੇ ਇਲਜ਼ਾਮ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਅਕਸਰ ਹੀ ਸਰਕਾਰ ਉੱਪਰ ਲਗਾਉਂਦੇ ਆ ਰਹੇ ਹਨ ਪਰ ਅੱਜ ਜੈਤੋ ਵਿਖੇ ਇੱਕ ਅਜੀਬੋ ਗਰੀਬ ਸਥਿਤੀ ਸਾਹਮਣੇ ਆਈ ਜਦੋਂ ਹਲਕੇ ਦੇ ਕਈ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਰਪੰਚਾਂ ਵੱਲੋਂ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਆਪਣੀ ਹੀ ਸਰਕਾਰ ਦੇ ਨੁਮਾਇੰਦਿਆਂ ਖਿਲਾਫ਼ ਧਰਨਾ ਲਗਾਇਆ ਗਿਆ ਅਤੇ ਪਾਰਟੀ ਦੇ ਨੁਮਾਇੰਦਿਆਂ ਖਿਲਾਫ ਜਮ ਕੇ ਭੜਾਸ ਕੱਢੀ ਗਈ।
ਉਹਨਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਜੈਤੋ ਹਲਕੇ ਦੀ ਨੁਮਾਇੰਦਗੀ ਕਰਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਆਪਣੇ ਕੁੱਝ ਚਹੇਤੇ ਸਰਪੰਚਾਂ ਨੂੰ ਗਰਾਂਟਾਂ ਦੇ ਗੱਫੇ ਵੰਡ ਰਹੇ ਹਨ ਜਦਕਿ ਸਾਨੂੰ ਗਰਾਂਟਾਂ ਦਾ ਬਣਦਾ ਹਿੱਸਾ ਨਾ ਦੇਕੇ ਸਾਡੇ ਨਾਲ ਕਾਣੀ ਵੰਡ ਕੀਤੀ ਜਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੋਠੇ ਕੇਹਰ ਸਿੰਘ ਵਾਲੇ ਦੇ ਸਰਪੰਚ ਸਵਰਨ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਵਿੱਚ ਹੀ ਸਾਡੇ ਨਾਲ ਸਾਡੇ ਲੀਡਰਾਂ ਦੁਆਰਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਵਿਕਾਸ ਸੰਬੰਧੀ ਕਾਰਜਾਂ ਲਈ ਲੋੜੀਂਦੀਆਂ ਗਰਾਂਟਾਂ ਨਾ ਦੇ ਕੇ ਲੋਕਾਂ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ।
ਧਰਨੇ ਦੌਰਾਨ ਸੰਬੋਧਨ ਕਰਦਿਆਂ ਬਲਾਕ ਸੰਮਤੀ ਮੈਂਬਰ ਸੁਖਜੀਤ ਸਿੰਘ ਨੇ ਮੈਂਬਰ ਪਾਰਲੀਮੈਂਟ ਉੱਪਰ ਵਰਦਿਆਂ ਕਿਹਾ ਕਿ ਐੱਮ.ਪੀ ਸਾਹਿਬ ਨੇ ਕੋਠੇ ਹਵਾਨਾ ਦੇ ਵਿਕਾਸ ਲਈ ਮਹਿਜ 50 ਹਜ਼ਾਰ, ਕੋਠੇ ਜ਼ੈਲਦਾਰ ਅਵਤਾਰ ਸਿੰਘ ਨੂੰ 64 ਹਜ਼ਾਰ, ਕੋਠੇ ਰਾਮਸਰ ਨੂੰ ਸਿਰਫ 49 ਹਜ਼ਾਰ ਅਤੇ ਕੋਠੇ ਹਰੀ ਸਿੰਘ ਨੂੰ ਸਿਰਫ 58 ਹਜ਼ਾਰ ਰੁਪਏ ਗਰਾਂਟ ਵਜੋਂ ਦੇ ਕੇ ਪੰਚਾਇਤਾਂ ਅਤੇ ਲੋਕਾਂ ਦਾ ਕੋਝਾ ਮਜਾਕ ਉਡਾਇਆ ਹੈ।ਇਸ ਤੋਂ ਉਲਟ ਜਿਨਾਂ ਪਿੰਡ ਵਿੱਚ ਸਰਪੰਚ ਐੱਮ.ਪੀ ਸਾਹਿਬ ਦੇ ਚਹੇਤੇ ਆਦਮੀ ਹਨ, ਉਹਨਾਂ ਨੂੰ ਲੋੜੋਂ ਵੱਧ ਅਤੇ ਦੂਸਰੇ ਪਿੰਡਾਂ ਦੇ ਹਿੱਸੇ ਦੀ ਗਰਾਂਟ ਵੀ ਦਿੱਤੀ ਜਾ ਰਹੀ ਹੈ।
ਜਦੋਂ ਤੱਕ ਮੈਂਬਰ ਪਾਰਲੀਮੈਂਟ ਦੁਆਰਾ ਸਾਡੀਆਂ ਪੰਚਾਇਤਾਂ ਨੂੰ ਉਹਨਾਂ ਦੇ ਹਿੱਸੇ ਦੀ ਬਣਦੀ ਗਰਾਂਟ ਨਹੀਂ ਦਿੱਤੀ ਜਾਂਦੀ ਓਨੀ ਦੇਰ ਸਾਡਾ ਇਹ ਧਰਨਾ ਜਾਰੀ ਰਹੇਗਾ। ਇਸ ਧਰਨੇ ਵਿੱਚ ਕੋਠੇ ਹਰੀ ਸਿੰਘ ਵਾਲੇ ਦੇ ਸਰਪੰਚ ਭੁਪਿੰਦਰ ਸਿੰਘ, ਪਿੰਡ ਗੁਰੂਸਰ ਦੇ ਸਰਪੰਚ ਬਲਕਰਨ ਸਿੰਘ, ਕੋਠੇ ਰਾਮਸਰ ਦੇ ਸਰਪੰਚ ਤਲਬੀਰ ਸਿੰਘ ਆਦਿ ਸ਼ਾਮਿਲ ਸਨ।
ਮੈਂ ਗਰਾਂਟਾਂ ਦੇਣ ਵਿੱਚ ਕਿਸੇ ਨਾਲ ਪੱਖਪਾਤ ਨਹੀਂ ਕੀਤਾ- ਮੁਹੰਮਦ ਸਦੀਕ
ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦਾ ਕਹਿਣਾ ਹੈ ਕਿ ਮੈਂ ਕਿਸੇ ਨਾਲ ਗਰਾਂਟਾਂ ਨੂੰ ਲੈਕੇ ਪੱਖਪਾਤ ਨਹੀਂ ਕੀਤਾ। ਜੇਕਰ ਫਿਰ ਵੀ ਸਰਪੰਚ ਸਹਿਬਾਨਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਮੇਰੇ ਨਾਲ ਜਦੋਂ ਮਰਜ਼ੀ ਰਾਬਤਾ ਕਾਇਮ ਕਰ ਸਕਦੇ ਹਨ। ਮੇਰੇ ਇਲਾਕੇ ਦੀਆਂ ਪੰਚਾਇਤਾਂ, ਸਰਪੰਚਾਂ ਅਤੇ ਆਮ ਲੋਕਾਂ ਲਈ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ। ਮੈਂ ਕੋਈ ਐੱਮ.ਪੀ. ਜਾਂ ਹੋਰ ਕੁੱਝ ਨਹੀਂ, ਮੈਂ ਲੋਕਾਂ ਦਾ ਸੇਵਾਦਾਰ ਹਾਂ। ਇਹ ਜੋ ਸਰਪੰਚਾਂ ਦੁਆਰਾ ਧਰਨਾ ਦਿੱਤਾ ਜਾ ਰਿਹਾ ਹੈ ਇਹ ਕਿਸੇ ਦੀ ਚੁੱਕ ਵਿੱਚ ਆਕੇ ਦਿੱਤਾ ਜਾ ਰਿਹਾ ਹੈ।